ਤੇਲ ਕੀਮਤਾਂ 'ਚ ਵਾਧੇ 'ਤੇ ਬੋਲੇ ਕੇਂਦਰੀ ਮੰਤਰੀ ਨਿਤਿਨ ਗਡਕਰੀ,ਆਪਸ਼ਨਲ ਫਿਊਲ ਵੱਲ ਜਾਣ ਦਾ ਦਿਤਾ ਸੁਝਾਅ
ਭਾਰਤ ਕੋਲ ਵਾਧੂ ਬਿਜਲੀ ਹੋਣ ਕਾਰਨ ਇਸ ਦੀ ਵਰਤੋਂ ਵਧਾਉਣ 'ਤੇ ਦਿਤਾ ਜ਼ੋਰ
ਨਵੀਂ ਦਿੱਲੀ : ਵਧਦੀਆਂ ਤੇਲ ਕੀਮਤਾਂ ਨੂੰ ਲੈ ਕੇ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਦੇਸ਼ ਅੰਦਰ ਕਈ ਥਾਈ ਪਟਰੌਲ ਦੀਆਂ ਕੀਮਤਾਂ 100 ਦਾ ਅੰਕੜਾ ਨੂੰ ਛੂਹਣ ਜਾ ਰਹੀਆਂ ਹਨ। ਤੇਲ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਸਰਕਾਰ ਵੱਲ ਨਿਸ਼ਾਨੇ ਸਾਧੇ ਜਾ ਰਹੇ ਹਨ। ਦੂਜੇ ਪਾਸੇ ਕੇਂਦਰ ਸਰਕਾਰ ਨੇ ਤੇਲ ਕੀਮਤਾਂ 'ਤੇ ਲੱਗਦੀ ਆਬਕਾਰੀ ਡਿਊਟੀ ਘਟਾਉਣ ਦੀ ਥਾਂ ਆਪਸ਼ਨਲ ਫਿਊਲ ਵੱਲ ਜਾਣ ਦਾ ਸੁਝਾਅ ਦੇਣਾ ਸ਼ੁਰੂ ਕਰ ਦਿਤਾ ਹੈ। ਸੂਤਰਾਂ ਮੁਤਾਬਕ ਸਰਕਾਰ ਦੇਸ਼ ਅੰਦਰ ਪੈਟਰੋਲ ਡੀਜ਼ਲ ਦੀ ਜਗਾ ਕੋਈ ਦੂਜਾ ਬਦਲ ਲੈ ਕੇ ਆਉਣ ਬਾਰੇ ਸੋਚ ਰਹੀ ਹੈ।
ਦੇਸ਼ ਵਿਚ ਇਲੈਕਟ੍ਰਿਕ ਕਾਰਾਂ ਤਾਂ ਆ ਰਹੀਆਂ ਨੇ ਪਰ ਉਨ੍ਹਾਂ ਦੀ ਪਹੁੰਚ ਹਾਲੇ ਆਮ ਆਦਮੀ ਤਕ ਨਹੀਂ ਬਣ ਪਾਈ ਹੈ। ਦੇਸ਼ ਨੂੰ ਹੁਣ ਪਟਰੋਲ ਡੀਜ਼ਲ ਤੋਂ ਇਲਾਵਾ ਇਕ ਹੋਰ ਬਦਲ ਚਾਹੀਦਾ ਹੈ। ਪੈਟਰੋਲ ਡੀਜ਼ਲ ਦੀ ਵੱਧ ਦੀ ਕੀਮਤਾਂ ਨੂੰ ਲੈ ਕੇ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਮੇਰਾ ਸੁਝਾਅ ਹੈ ਕਿ ਇਹ ਹੀ ਸਮਾਂ ਹੈ ਜਦੋਂ ਦੇਸ਼ ਨੂੰ ਆਪਸ਼ਨਲ ਫਿਊਲ ਦੇ ਵੱਲ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਕੋਲ ਵਾਧੂ ਬਿਜਲੀ ਹੈ, ਇਸ ਲਈ ਮੈਂ ਪਹਿਲਾਂ ਤੋਂ ਹੀ ਬਿਜਲੀ ਨੂੰ ਵਧ ਵਰਤੋਂ ਵਿਚ ਲਿਆਉਣ 'ਤੇ ਜ਼ੋਰ ਦੇ ਰਿਹਾ ਹਾਂ।
ਨਿਤਿਨ ਗਡਕਰੀ ਮੁਤਾਬਕ ਅਸੀਂ ਇਸ ਵੇਲੇ 81 ਫ਼ੀਸਦੀ ਲੀਥੀਅਮ ਆਇਨ ਬੈਟਰੀ ਭਾਰਤ ਵਿਚ ਬਣਾ ਰਹੇ ਹਾਂ, ਮੇਰੇ ਮੰਤਰਾਲੇ ਨੇ ਲੀਥੀਅਮ ਆਇਨ ਦੇ ਆਪਸ਼ਨ ਨੂੰ ਲੈ ਕੇ ਵੀ ਪਹਿਲ ਕੀਤੀ ਹੈ, ਸਾਰੀ ਸਬੰਧਿਤ ਲੈਬ ਰਿਸਰਚ ਵਿਚ ਲੱਗੀਆਂ ਹੋਈਆਂ ਨੇ। ਮੰਤਰਾਲਾ ਹੁਣ ਹਾਈਡ੍ਰੋਜਨ ਫਿਊਲ ਸੇਲਜ਼ ਨੂੰ ਵੀ ਵਿਕਸਤ ਕਰਨ ਵਿਚ ਜੁਟਿਆ ਹੈ।
ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਅਸੀਂ ਇਸ ਵੇਲੇ Fossil Fuels ਜਿਵੇਂ ਪੈਟਰੋਲੀਅਮ,ਕੋਲਾ ਨੈਚੂਰਲ ਗੈੱਸ, ਆਇਲ ਸੈੱਲ ਦਾ ਆਪਸ਼ਨ ਤਿਆਰ ਕਰਨ ਵਿਚ ਜੁਟੇ ਹਾਂ, ਜੋ ਕਿ ਇਸ ਵੇਲੇ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਪਰੇਸ਼ਾਨੀ ਇਹ ਹੈ ਕਿ ਵਿਸ਼ਵ ਬਾਜ਼ਾਰ ਦੇ ਵਿਚ ਕੱਚੇ ਤੇਲ ਦੀ ਕੀਮਤ ਕਾਫੀ ਵਧ ਗਈ ਹੈ, ਭਾਰਤ 70 ਫ਼ੀਸਦ ਪੈਟਰੋਲ ਬਾਹਰੋਂ ਮੰਗਵਾਉਂਦਾ ਹੈ। ਇਸ ਵਕਤ ਦੇਸ਼ 8 ਲੱਖ ਕਰੋੜ ਦਾ ਕੱਚ ਤੇਲ ਬਾਹਰੋਂ ਮੰਗਵਾਉਂਦਾ ਹੈ। ਗਡਕਰੀ ਨੇ ਦੱਸਿਆ ਕਿ ਹਾਲ ਹੀ ਵਿਚ ਬਾਇਓ CNG ਨਾਲ ਚੱਲਣ ਵਾਲੇ ਟਰੈਕਟਰ ਲਾਂਚ ਕੀਤੇ ਗਏ ਹਨ।
ਕਾਬਲੇਗੌਰ ਹੈ ਕਿ ਦੇਸ਼ ਅੰਦਰ ਤੇਲ ਕੀਮਤਾਂ ਵਿਚ ਵਾਧਾ ਉੱਚ ਪੱਧਰ ਤਕ ਪਹੁੰਚ ਚੁੱਕਾ ਹੈ। ਪਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿਚ ਲਗਾਤਾਰ 9ਵੇਂ ਦਿਨ ਵਾਧਾ ਹੋਇਆ। ਇਸ ਦੌਰਾਨ ਰਾਜਸਥਾਨ ਦੇ ਗੰਗਾਨਗਰ ਦੇ ਵਿਚ ਪੈਟਰੋਲ 100 ਤੋਂ ਪਾਰ ਹੋ ਗਿਆ ਜਦਕਿ ਦਿੱਲੀ ਵਿਚ ਪਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੋ ਗਈ ਹੈ ਜਦਕਿ ਡੀਜ਼ਲ ਦਾ ਭਾਅ ਵੀ 80 ਰੁਪਏ ਪ੍ਰਤੀ ਲੀਟਰ ਨੇੜੇ ਢੁਕ ਗਿਆ ਹੈ।