ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ; ਮੋਦੀ ਵਾਰਾਣਸੀ ਅਤੇ ਅਮਿਤ ਸ਼ਾਹ ਗਾਂਧੀ ਨਗਰ ਤੋਂ ਲੜਨਗੇ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੇਮਾ ਮਾਲਿਨੀ ਨੂੰ ਮਥੁਰਾ, ਸਮ੍ਰਿਤੀ ਇਰਾਨੀ ਨੂੰ ਮੇਰਠ, ਵੀ.ਕੇ. ਸਿੰਘ ਨੂੰ ਗਾਜਿਆਬਾਦ ਤੋਂ ਉਮੀਦਵਾਰ ਐਲਾਨਿਆ

BJP

ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ 182 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਭਾਜਪਾ ਆਗੂ ਜੇ.ਪੀ. ਨੱਡਾ ਨੇ ਪਹਿਲੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਲਖਨਉ, ਭਾਜਪਾ ਪ੍ਰਧਾਨ ਅਮਿਤ ਸ਼ਾਹ ਗਾਂਧੀ ਨਗਰ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਨਾਗਪੁਰ ਤੋਂ ਚੋਣ ਲੜਨਗੇ।

ਵੀਰਵਾਰ ਸ਼ਾਮ ਨੂੰ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਜੇਪੀ ਨੱਢਾ ਨੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਉਮੀਦਵਾਰਾਂ ਦੇ ਨਾਂ ਫ਼ਾਈਨਲ ਕਰਨ ਲਈ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਕਈ ਵਾਰ ਬੈਠਕਾਂ ਕਰ ਚੁੱਕੀ ਹੈ। ਬੁਧਵਾਰ ਨੂੰ ਵੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ ਸੀ, ਜਿਸ 'ਚ ਪੱਛਮੀ ਬੰਗਾਲ ਦੇ ਉਮੀਦਵਾਰਾਂ ਦੇ ਨਾਂ ਫ਼ਾਈਨਲ ਕੀਤੇ ਗਏ ਸਨ। 

ਹੇਮਾ ਮਾਲਿਨੀ ਨੂੰ ਮਥੁਰਾ, ਸਮ੍ਰਿਤੀ ਇਰਾਨੀ ਨੂੰ ਮੇਰਠ, ਵੀ.ਕੇ. ਸਿੰਘ ਨੂੰ ਗਾਜਿਆਬਾਦ, ਜੈਪੁਰ (ਪੇਂਡੂ) ਤੋਂ ਰਾਜਵਰਧਨ ਸਿੰਘ ਰਾਠੋੜ, ਆਸਨਸੋਲ ਤੋਂ ਬਾਬੁਲ ਸੁਪ੍ਰੀਓ, ਕਿਰਨ ਰਿਜੁਜੂ ਨੂੰ ਅਰੁਣਾਚਲ ਪ੍ਰਦੇਸ਼ (ਪੂਰਬ), ਸ਼ਾਕਸ਼ੀ ਮਹਾਰਾਜ ਨੂੰ ਉਨਾਵ, ਬਾਗਪਤ ਤੋਂ ਸਤਪਾਲ ਸਿੰਘ ਚੋਣ ਲੜਨਗੇ। 

ਇਸ ਸੂਚੀ ਵਿੱਚ ਆਡਵਾਨੀ ਦਾ ਨਾਮ ਨਹੀਂ ਹੈ। ਨੱਢਾ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਪਰ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਡਵਾਨੀ ਦੀ ਟਿਕਟ ਕੱਟ ਗਈ ਹੈ।

ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਦਾ ਵੀ ਨਾਮ ਨਹੀਂ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਵੀ ਟਿਕਟ ਵੀ ਕੱਟ ਗਈ ਹੈ।

ਬਿਹਾਰ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ। ਬਿਹਾਰ 'ਚ ਭਾਜਪਾ 17 ਸੀਟਾਂ 'ਤੇ ਚੋਣਾਂ ਲੜ ਰਹੀ ਹੈ।