ਪਟਿਆਲਾ ਵਿਚ ਆਹਮੋ-ਸਾਹਮਣੇ ਹੋਏ ਕਿਸਾਨ ਅਤੇ ਭਾਜਪਾ ਆਗੂ, ਗੁਰਤੇਜ ਢਿੱਲੋਂ ਨੇ ਭੱਜ ਕੇ ਬਚਾਈ ਜਾਨ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਕੀਤੀ ਭਾਜਾਪਾ ਆਗੂਆਂ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ

Farmers Protest

ਪਟਿਆਲਾ: ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਅਣਗੌਲਿਆ ਕਰ ਪੰਜਾਬ ਵਿਚ ਸਿਆਸੀ ਸਰਗਰਮੀਆਂ ਚਲਾਉਣ ਲਈ ਬਜਿੱਦ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਅੱਜ ਪਟਿਆਲਾ ਵਿਚ ਆਏ ਭਾਜਪਾ ਆਗੂ ਗੁਰਤੇਜ ਢਿੱਲੋਂ ਨੂੰ ਕਿਸਾਨ ਜਥੇਬੰਦੀਆਂ ਨੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਗੁਰਤੇਜ ਢਿੱਲੋਂ ਨੂੰ ਭੱਜ ਕੇ ਆਪਣੀ ਗੱਡੀ ਵਿੱਚ ਸਵਾਰ ਹੋਣ ਲਈ ਮਜਬੂਰ ਹੋਣਾ ਪਿਆ।

ਅਸਲ ਵਿਚ ਅੱਜ ਕਿਸਾਨਾਂ ਨੂੰ ਸੂਹ ਮਿਲੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਪਟਿਆਲਾ ਵਿਚ ਮੀਟਿੰਗ ਕਰਨ ਪੁੱਜ ਰਹੇ ਹਨ। ਇਸ ਦੇ ਚੱਲਦਿਆਂ ਵੱਡੀ ਗਿਣਤੀ ਕਿਸਾਨ ਬੱਸ ਸਟੈਂਡ ਨਜ਼ਦੀਕ ਦੁਰਗਾ ਦਾਸ ਮੰਦਰ ਦੇ ਬਾਹਰ ਪੁੱਜ ਗਏ। ਇਸ ਦੀ ਸੂਹ ਮਿਲਣ ਬਾਅਦ ਹਰਜੀਤ ਗਰੇਵਾਲ ਮੀਟਿੰਗ ਵਾਲੇ ਸਥਾਨ 'ਤੇ ਨਹੀਂ ਪੁੱਜੇ।

ਦੂਜੇ ਪਾਸੇ ਬੀਜੇਪੀ ਦੇ ਸਥਾਨਕ ਲੀਡਰਾਂ ਵਲੋਂ ਮੀਟਿੰਗ ਜਾਰੀ ਰੱਖੀ ਗਈ ਜਿਸ ਤੋਂ ਕਿਸਾਨ ਭੜਕ ਗਏ। ਕਿਸਾਨਾਂ ਨੇ ਬੀਜੇਪੀ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਹਾਲਾਤ ਉਸ ਵੇਲੇ ਤਣਾਓ ਪੂਰਨ ਹੋ ਗਏ ਜਦੋਂ ਮੀਟਿੰਗ ਵਿਚ ਕੁਝ ਵਰਕਰ ਲਲਕਾਰੇ ਮਾਰਦੇ ਹੋਏ ਬਾਹਰ ਆ ਗਏ। ਇਸ ਤੋਂ ਬਾਅਦ ਕਿਸਾਨ ਕਾਰਕੁਨ ਤੇ ਲੀਡਰ ਵੀ ਭੜਕ ਉੱਠੇ ਤੇ ਜ਼ੋਰਦਾਰ ਨਾਅਰੇ ਲੱਗਣੇ ਸ਼ੁਰੂ ਹੋ ਗਏ। ਪੁਲਿਸ ਨੇ ਬੜੀ ਮੁਸ਼ੱਕਤ ਬਾਅਦ ਮਾਹੌਲ ਸ਼ਾਂਤ ਕੀਤਾ। ਕਿਸਾਨ ਇੰਨੇ ਗੁੱਸੇ ਵਿਚ ਸਨ ਕਿ ਬੀਜੇਪੀ ਲੀਡਰ ਗੁਰਤੇਜ ਢਿੱਲੋਂ ਨੇ ਭੱਜ ਕੇ ਜਾਨ ਬਚਾਈ। ਉਹ ਦੌੜ ਕੇ ਆਪਣੀ ਗੱਡੀ ਵਿਚ ਸਵਾਰ ਹੋ ਕੇ ਚਲੇ ਗਏ।

ਕਾਬਲੇਗੌਰ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਅਤੇ ਹਰਿਆਣਾ ਵਿਚ ਕਈ ਥਾਈ ਭਾਜਪਾ ਆਗੂਆਂ ਦਾ ਵਿਰੋਧ ਹੋ ਚੁੱਕਾ ਹੈ। ਕਿਸਾਨ ਆਗੂਆਂ ਮੁਤਾਬਕ ਜਿੰਨੀ ਦੇਰ ਤਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਤੇ ਐਮ.ਐਸ.ਪੀ. ‘ਤੇ ਕਾਨੂੰਨੀ ਗਾਰੰਟੀ ਨਹੀਂ ਮਿਲ ਜਾਂਦੀ, ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।