ਸੁਖਬੀਰ ਬਾਦਲ ਨੇ ਕੀਤਾ ਅਨਾਜ ਮੰਡੀਆਂ ਦਾ ਦੌਰਾ, ਪੰਜਾਬ ਸਰਕਾਰ ’ਤੇ ਚੁੱਕੇ ਸਵਾਲ
ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੀ ਕੋਈ ਫਿਕਰ ਨਹੀਂ- ਸੁਖਬੀਰ ਬਾਦਲ
ਬਠਿੰਡਾ (ਵਿਕਰਮ ਕੁਮਾਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਵਿਖੇ ਅਨਾਜ ਮੰਡੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਗੋਨਿਆਣਾ ਮੰਡੀ ਵਿਖੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਹਮਲਾ ਬੋਲਿਆ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੀ ਕੋਈ ਫਿਕਰ ਨਹੀਂ ਹੈ।
ਪਿਛਲੇ ਕਈ ਦਿਨਾਂ ਤੋਂ ਕਿਸਾਨ ਮੰਡੀਆਂ ਵਿਚ ਆਪਣੀ ਫਸਲ ਲੈ ਕੇ ਬੈਠੇ ਹੋਏ ਹਨ। ਨਾ ਬਾਰਦਾਨਾ ਆ ਰਿਹਾ ਹੈ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ। ਕਿਸਾਨ ਮੰਡੀਆਂ ਵਿਚ ਰਾਤਾਂ ਕੱਟ ਰਹੇ ਹਨ। ਉਹਨਾਂ ਕਿਹਾ ਬਹੁਤ ਅਫ਼ਸੋਸ ਦੀ ਗੱਲ ਹੈ ਸੁਖਬੀਰ ਬਾਦਲ ਨੇ ਦੱਸਿਆ ਕਿ ਮੰਡੀ ਵਿਚ 200-300 ਕਿਸਾਨ ਪਿਛਲੇ ਕਈ ਦਿਨਾਂ ਤੋਂ ਫਸਲ ਲੈ ਕੇ ਬੈਠੇ ਹਨ। ਕਈ ਕਿਸਾਨਾਂ ਨੇ ਅਪਣੀ ਫਸਲ ਨੂੰ ਅਪਣੇ ਘਰ ਵਿਚ ਹੀ ਰੱਖਿਆ ਹੈ ਕਿਉਂਕਿ ਮੰਡੀਆਂ ਵਿਚ ਕਣਕ ਰੱਖਣ ਲਈ ਥਾਂ ਨਹੀਂ ਹੈ।
ਉਹਨਾਂ ਕਿਹਾ ਕਿ ਹੁਣ ਤੱਕ 40 ਪ੍ਰਤੀਸ਼ਤ ਕਿਸਾਨਾਂ ਨੂੰ ਅਦਾਇਗੀ ਨਹੀਂ ਹੋਈ ਜੋ ਕਿ 48 ਘੰਟਿਆਂ ਦੌਰਾਨ ਹੋਣੀ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਦਮ ਨਾ ਚੁੱਕਿਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਖ਼ਤ ਕਦਮ ਚੁੱਕਿਆ ਜਾਵੇਗਾ। ਕੋਰੋਨਾ ਵੈਕਸਿਨ ਅਤੇ ਆਕਸੀਜਨ ਖ਼ਤਮ ਹੋਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਮੈਂ ਅਖ਼ਬਾਰ ਵਿਚ ਪੜ੍ਹਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਸੀਂ ਕੋਰੋਨਾ ਕਾਲ ਦੌਰਾਨ ਹਜ਼ਾਰ ਕਰੋੜ ਰੁਪਿਆ ਖਰਚਿਆ ਹੈ।
ਸੁਖਬੀਰ ਬਾਦਲ ਨੇ ਸਵਾਲ ਕੀਤਾ ਕਿ ਇਹ ਸਾਰਾ ਪੈਸਾ ਕਿੱਥੇ ਖਰਚਿਆ ਹੈ ਕਿਉਂਕਿ ਕੋਈ ਹਸਪਤਾਲ ਨਹੀਂ ਬਣਾਇਆ ਅਤੇ ਨਾ ਹੀ ਕੋਈ ਬੈੱਡ ਆਇਆ ਹੈ, ਨਾ ਹੀ ਪੰਜਾਬ ਦੇ ਹਸਪਤਾਲਾਂ ਵਿਚ ਆਕਸੀਜਨ ਹੈ , ਨਾ ਹੀ ਵੈਂਟੀਲੇਟਰ ਹੈ , ਨਾ ਹੀ ਦਵਾਈ ਹੈ ਅਤੇ ਨਾ ਹੀ ਕੋਈ ਇਲਾਜ ਹੈ। ਸੁਖਬੀਰ ਬਾਦਲ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।