ਬਿਜਲੀ ਸਪਲਾਈ ਸ਼ੁਰੂ ਹੁੰਦਿਆਂ ਹੀ ਝੋਨੇ ਦੀ ਲਵਾਈ 'ਚ ਤੇਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਮਿਥੀ ਗਈ ਤਰੀਕ ਦੇ ਸੰਦਰਭ ਵਿਚ ਭਾਵੇਂ ਬਹੁ ਗਿਣਤੀ ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂ ਕਰ ਦਿਤੀ......

Farmer's

ਸੰਗਰੂਰ : ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਮਿਥੀ ਗਈ ਤਰੀਕ ਦੇ ਸੰਦਰਭ ਵਿਚ ਭਾਵੇਂ ਬਹੁ ਗਿਣਤੀ ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂ ਕਰ ਦਿਤੀ ਗਈ ਸੀ ਜਿਸ ਦੇ ਚਲਦਿਆਂ ਕਿਸਾਨਾਂ ਅਤੇ ਪ੍ਰਸ਼ਾਸਨ ਵਿਚ ਕੁੱਝ ਹੱਦ ਤਕ ਤਣਾਅ ਵਾਲੀ ਸਥਿਤੀ ਬਣੀ ਸੀ। ਪਰ ਜਿਉਂ ਹੀ ਪੰਜਾਬ ਸਰਕਾਰ ਵਲੋਂ ਝੋਨੇ ਦੀ ਲਵਾਈ ਦਾ ਨਿਸ਼ਚਤ ਸਮਾਂ ਆਇਆ ਤਾਂ ਝੋਨੇ ਦੇ ਕੰਮ ਵਿਚ ਇਕ ਤਰ੍ਹਾਂ ਨਾਲ ਤੇਜ਼ੀ ਵਾਲਾ ਮਾਹੌਲ ਬਣ ਗਿਆ।

ਪਿਛਲੇ ਦਿਨੀਂ ਸੂਬੇ ਵਿਚ ਕਈ ਥਾਈਂ ਹਲਕੀ ਤੋਂ ਦਰਮਿਆਨੀ ਬਾਰਿਸ਼ ਤੋਂ ਬਾਅਦ ਸ਼ੁਰੂ ਹੋਈ ਝੋਨੇ ਦੀ ਲਵਾਈ ਦੇ ਕੰਮ ਲਗਭਗ ਸ਼ੁਰੂ ਹੋ ਗਿਆ ਸੀ ਤੇ ਵੀਹ ਜੂਨ ਤੋਂ ਸ਼ੁਰੂ ਹੋਈ ਅੱਠ ਘੰਟੇ ਬਿਜਲੀ ਸਪਲਾਈ ਨਾਲ ਝੋਨੇ ਦੇ ਕੰਮ ਵਿਚ ਕਾਹਲ ਆਉਣੀ ਸੁਭਾਵਕ ਸੀ। ਬੁਧਵਾਰ ਤੋਂ ਖੇਤੀ ਸੈਕਟਰ ਲਈ ਨਿਰਵਿਘਨ ਬਿਜਲੀ ਸਪਲਾਈ ਅੱਠ ਘੰਟੇ ਚਲਣ ਦੇ ਸੰਦਰਭ ਵਿਚ ਕਹਿ ਸਕਦੇ ਹਾਂ ਕਿ ਭਾਵੇਂ ਇਕ ਦੁਕਾ ਥਾਵਾਂ 'ਤੇ ਤਕਨੀਕੀ ਖ਼ਰਾਬੀ ਅਤੇ ਕੁੱਝ ਹੋਰ ਕਾਰਨਾਂ ਕਰ ਕੇ ਰੁਕਾਵਟ ਪੈਦਾ ਹੋਈ ਅਲਬਤਾ ਹਰ ਖੇਤਰ ਵਿਚ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਚਾਲੂ ਰਹੀ।

ਖੇਤੀ ਸੈਕਟਰ ਲਈ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੇ ਸ਼ੁਰੂ ਹੋਣ ਤੋਂ ਬਾਅਦ ਲੇਬਰ ਦੀ ਘਾਟ ਕਿਸਾਨਾਂ ਲਈ  ਵੱਡੀ ਸਮੱਸਿਆ ਬਣ ਰਹੀ ਹੈ। ਝੋਨੇ ਦੀ ਲਵਾਈ ਕਰਨ ਲਈ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਣ ਵਾਲੀ ਲੇਬਰ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਇਸ ਸਾਲ ਕਾਫ਼ੀ ਘੱਟ ਗਿਣਤੀ ਵਿਚ ਆਈ ਹੈ ਜਿਸ ਕਾਰਨ ਸਥਾਨਕ ਖੇਤ ਮਜ਼ਦੂਰਾਂ ਦੀ ਮੰਗ ਇਸ ਵਾਰ ਕਾਫ਼ੀ ਵਧੀ ਹੈ। 

ਲੇਬਰ ਦੀ ਘਾਟ ਦੇ ਚਲਦਿਆਂ ਇਸ ਸਾਲ ਮਜ਼ਦੂਰੀ ਦੇ ਭਾਅ ਵਿਚ ਵੀ ਕਾਫ਼ੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਪਹਿਲਾਂ ਝੋਨੇ ਦੀ ਲਵਾਈ ਦਾ ਮੁਲ ਦੋ ਹਜ਼ਾਰ ਰੁਪਏ ਤੋਂ ਲੈ ਪੱਚੀ ਸੌ ਰੁਪਏ ਪ੍ਰਤੀ ਏਕੜ ਚਲ ਰਿਹਾ ਸੀ ਜੋ ਕਿ ਇਸ ਵਾਰ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਤਕ ਪਹੁੰਚ ਗਿਆ ਹੈ। ਮਾਲਵਾ ਖੇਤਰ ਵਿਚ ਵੱਧ ਲੱਗਣ ਵਾਲੀਆਂ ਝੋਨੇ ਦੀ ਪਰਮਲ ਕਿਸਮ ਦੀਆਂ ਲੰਮੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਲਵਾਈ ਦਾ ਢੁਕਵਾਂ ਸਮਾਂ ਪੰਦਰਾਂ ਸ਼ੁਰੂ ਹੋ ਕੇ 25 ਜੂਨ ਤਕ ਸਹੀ ਸਮਾਂ ਹੈ

ਇਸ ਤੋਂ ਬਾਅਦ ਲੱਗਿਆ ਝੋਨਾ ਵੇਚਣ ਮੌਕੇ ਨਮੀ ਦੀ ਮਾਤਰਾ ਦਿੱਕਤ ਬਣਦੀ ਹੈ ਤੇ ਝਾੜ ਵੀ ਘੱਟ ਨਿਕਲਦਾ ਹੈ। ਇਨ੍ਹਾਂ ਸੱਭ ਕਾਰਨਾਂ ਕਰ ਕੇ ਇੰਨ੍ਹੀਂ ਦਿਨੀਂ ਪੂਰੇ ਮਾਲਵਾ ਖੇਤਰ ਵਿਚ ਝੋਨੇ ਦੀ ਲਵਾਈ ਅਤੇ ਲੇਬਰ ਨੂੰ ਲੈ ਕੇ ਕਾਫ਼ੀ ਖਿੱਚੋਤਾਣ ਚਲ ਰਹੀ ਹੈ।