ਭੈਣ ਨੂੰ ਸਹੁਰਿਆਂ ਨੇ ਕੱਢਿਆ ਬਾਹਰ, ਭੈਣ ਦਾ ਦੁਖ ਨਾ ਦੇਖਦੇ ਹੋਏ ਭਰਾ ਨੇ ਨਿਗਲੀ ਸਲਫ਼ਾਸ

ਏਜੰਸੀ

ਖ਼ਬਰਾਂ, ਪੰਜਾਬ

ਅਪਣੇ ਇੰਗਲੈਂਡ ਵਿਚ ਰਹਿੰਦੇ ਜੀਜਾ ਅਤੇ ਉਸ ਦੇ 3 ਹੋਰ ਪਰਵਾਰਕ ਮੈਂਬਰਾਂ ਵੱਲੋਂ ਅਪਣੀ ਭੈਣ...

ਗੁਲਾਬ ਸਿੰਘ

ਕਪੂਰਥਲਾ: ਅਪਣੇ ਇੰਗਲੈਂਡ ਵਿਚ ਰਹਿੰਦੇ ਜੀਜਾ ਅਤੇ ਉਸ ਦੇ 3 ਹੋਰ ਪਰਵਾਰਕ ਮੈਂਬਰਾਂ ਵੱਲੋਂ ਅਪਣੀ ਭੈਣ ਨੂੰ ਸਹੁਰੇ ਪਰਵਾਰ ਵਿਚ ਨਾ ਵਸਾਉਣ ਤੋਂ ਦੁਖੀ ਇਕ ਨੌਜਵਾਨ ਨੇ ਸਲਫ਼ਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਸ਼ੁਭਾਨਪੁਰ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ‘ਤੇ ਭੈਣ ਦੇ ਪਤੀ ਅਤੇ ਸੱਸ ਸਮੇਤ 4 ਮੁਲਜ਼ਮਾਂ ਵਿਰੁੱਧ ਧਾਰਾ 306, 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਪਿੰਡ ਬਾਮਾਲ ਨੇ ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ।

ਵਿਆਹ ਤੋਂ ਲਗਪਗ 2 ਮਹੀਨੇ ਬਾਅਦ ਭਜਨ ਸਿੰਘ ਇੰਗਲੈਂਡ ਚਲਾ ਗਿਆ, ਜਿਸ ਤੋਂ ਬਾਅਦ ਭਜਨ ਸਿੰਘ ਦੀ ਮਾਤਾ ਸਵਰਨ ਕੌਰ, ਨਣਦ ਸੁਰਜੀਤ ਕੌਰ ਉਰਫ਼ ਜਿੱਤੀ ਅਤੇ ਨਣਦ ਦੇ ਪਤੀ ਮੰਗਲ ਲਾਲ ਉਰਫ਼ ਹੀਰਾ ਵਾਸੀ ਬੇਗੋਵਾਲ ਨੇ ਭਜਨ ਸਿੰਘ ਨਾਲ ਮਿਲ ਕੇ ਉਸ ਦੀ ਲੜਕੀ ਨੂੰ ਸਹੁਰੇ ਪਰਵਾਰ ਤੋਂ ਕੱਢ ਦਿੱਤਾ। ਜਿਸ ਦੌਰਾਨ ਉਸ ਨੇ ਕਈ ਵਾਰ ਪੰਚਾਇਤ ਨੂੰ ਨਾਲ ਲੈ ਕੇ ਅਪਣੀ ਲੜਕੀ ਦਾ ਘਰ ਵਸਾਉਣ ਦੀ ਕੋਸ਼ਿਸ਼ ਕੀਤੀ ਪਰ ਚਾਰਾਂ ਮੁਲਜ਼ਮਾਂ ਨੇ ਉਸ ਦੀ ਲੜਕੀ ਨੂੰ ਵਸਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਨੂੰ ਲੈ ਕੇ ਉਸ ਦਾ ਪਰਵਾਰ ਬੇਹੱਦ ਪ੍ਰੇਸ਼ਾਨ ਰਹਿਣ ਲੱਗਾ।

ਇਸ ਦੌਰਾਨ ਉਸ ਦੇ ਲੜਕੇ ਗੁਲਾਬ ਸਿੰਘ ਨੇ ਬੀਤੀ ਰਾਤ ਅਪਣੀ ਭੈਣ ਦੇ ਦੁੱਖ ਵਿਚ ਸਲਫ਼ਾਸ ਨਿਗਲ ਲਿਆ, ਜਿਸ ਦੌਰਾਨ ਉਸ ਦੀ ਇਕ ਨਿੱਜ ਹਸਪਤਾਲ ਵਿਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਭਾਨਪੁਰ ਦੇ ਐਸਐਚਓ ਇੰਸਪੈਕਟਰ ਸ਼ਿਵ ਕਮਲ ਸਿੰਘ ਪੁਲਿਸ ਟੀਮ ਦੇ ਨਾਲ ਮੌਕਾ ‘ਤੇ ਪੁੱਜੇ ਅਤੇ ਮ੍ਰਿਤਕ ਗੁਲਾਬ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜਿਆ। ਜਿਥੇ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ। ਉਥੇ ਹੀ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਭਜਨ ਸਿੰਘ, ਸਵਰਨ ਕੌਰ, ਸੁਰਜੀਤ ਕੌਰ ਉਰਫ਼ ਜਿੱਤੀ ਅਤੇ ਮੰਗਲ ਲਾਲ ਉਰਫ਼ ਹੀਰਾ ਵਿਰੁੱਧ ਮਾਮਲਾ ਦਰਜ ਕਰ ਲਿਆ।