ਕਿਸਾਨੀ ਮੁੱਦੇ 'ਤੇ ਸੁਖਬੀਰ ਨੂੰ ਘੇਰਨ ਲਈ ਸਰਗਰਮ ਹੋਏ ਕੈਪਟਨ, ਸਰਬ-ਪਾਰਟੀ ਮੀਟਿੰਗ ਦਾ ਐਲਾਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਮੁੱਦੇ 'ਤੇ ਇਕ-ਦੂਜੇ ਨੂੰ ਠਿੱਬੀ ਲਾਉਣ ਦੇ ਆਹਰ 'ਚ ਨੇ ਸਿਆਸੀ ਦਲ

Capt. Amarinder Singh

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਕਿਸਾਨੀ ਹਿਤਾਂ ਦੀ ਰਾਖੀ ਦੇ ਨਾਂ ਹੇਠ ਖੇਤੀਬਾੜੀ ਸੁਧਾਰਾਂ ਬਾਰੇ ਲਿਆਂਦੇ ਗਏ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਅੰਦਰ ਸਿਆਸੀ ਘਮਾਸਾਨ ਜਾਰੀ ਹੈ। ਪੰਜਾਬ ਦੀਆਂ ਜ਼ਿਆਦਾਤਰ ਸਿਆਸੀ ਧਿਰਾਂ ਇਨ੍ਹਾਂ ਆਰਨੀਨੈਂਸਾਂ ਦੇ ਖਿਲਾਫ਼ ਕਮਰਕੱਸੇ ਕਰੀ ਬੈਠੀਆਂ ਹਨ। ਸੱਤਾਧਾਰੀ ਧਿਰ ਇਸ ਮੁੱਦੇ 'ਤੇ ਕੇਂਦਰ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਘੇਰਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ।  

ਦੂਜੇ ਪਾਸੇ ਖੁਦ ਨੂੰ ਸਭ ਤੋਂ ਵੱਡੀ ਕਿਸਾਨ-ਹਿਤੈਸ਼ੀ ਮੰਨਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਾਰਿਆਂ ਤੋਂ ਵੱਖਰਾ ਸਟੈਂਡ ਲੈ ਕੇ ਖੁਦ ਨੂੰ ਕਟਹਿਰੇ 'ਚ ਖੜ੍ਹਾ ਕਰ ਲਿਆ ਹੈ। ਹੁਣ ਪੰਜਾਬ ਦੀ ਕੈਪਟਨ ਸਰਕਾਰ ਨੇ ਇਸ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਅਕਾਲੀ ਦਲ ਲਈ ਕਸੂਤੀ ਸਥਿਤੀ ਪੈਦਾ ਕਰ ਦਿਤੀ ਹੈ।

ਇਸ ਨੂੰ ਕੈਪਟਨ ਦੀ ਕੂਟਨੀਤਕ ਚਾਲ ਵਜੋਂ ਵੇਖਿਆ ਜਾ ਰਿਹਾ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਕਿਸੇ ਵੀ ਧਿਰ ਨੇ ਇਸ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਦੀ ਮੰਗ ਨਹੀਂ ਸੀ ਕੀਤੀ। ਇਸ ਮੁੱਦੇ 'ਤੇ ਕਾਂਗਰਸ ਪਹਿਲਾਂ ਵੀ ਅਕਾਲੀ ਦਲ ਨੂੰ ਘੇਰਨ ਦੀ ਰਣਨੀਤੀ ਤਹਿਤ ਰਾਜ ਪੱਧਰੀ ਜਨ ਜਾਗਰਣ ਮੁਹਿੰਮ ਚਲਾ ਰਹੀ ਹੈ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿੱਥੇ ਇਸ ਆਰਡੀਨੈਂਸ ਦੇ ਹੱਕ 'ਚ ਬੋਲ ਚੁੱਕੇ ਹਨ, ਉਥੇ ਉਨ੍ਹਾਂ ਨੇ  ਕੈਪਟਨ ਅਮਰਿੰਦਰ ਸਿੰਘ 'ਤੇ ਆਰਡੀਨੈਂਸਾਂ ਦੇ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਵੀ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਸੁਧਾਰਾਂ ਬਾਰੇ ਜਾਰੀ ਕੀਤੇ ਗਏ ਇਨ੍ਹਾਂ ਆਰਡੀਨੈਂਸਾਂ ਬਾਰੇ ਗ਼ਲਤ ਬਿਆਨੀ ਕਰ ਰਹੇ ਹਨ। ਇਸ ਮੁੱਦੇ 'ਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਏਪੀਐਮਸੀ ਐਕਟ ਵਿਚ ਸੋਧ ਕਰ ਕੇ ਇਸ ਲਈ ਖੁਦ ਹੀ ਰਸਤਾ ਸਾਫ਼ ਕੀਤਾ ਸੀ।

ਮੌਜੂਦਾ ਦੌਰ 'ਚ ਚੱਲ ਰਹੇ ਹਾਲਾਤਾਂ ਮੁਤਾਬਕ 24 ਜੂਨ ਦੀ ਸਰਬ ਪਾਰਟੀ ਮੀਟਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਚੁਨੌਤੀ ਵਜੋਂ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਵੱਡੀ ਗਿਣਤੀ ਕਿਸਾਨ ਜੁੜੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਕਿਸਾਨੀ ਹਿਤਾਂ ਦੀ ਰਾਖੀ ਲਈ ਸਮੇਂ ਸਮੇਂ 'ਤੇ ਆਵਾਜ਼ ਵੀ ਬੁਲੰਦ ਕਰਦਾ ਰਿਹਾ ਹੈ।

ਹੁਣ ਜੇਕਰ ਸਰਬਪਾਰਟੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਆਰਡੀਨੈਂਸਾਂ ਦੇ ਹੱਕ ਵਿਚ ਖੁਲ੍ਹ ਕੇ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਕਿਸਾਨਾਂ ਦੀ ਨਰਾਜ਼ਗੀ ਸਹਿਣੀ ਪੈ ਸਕਦੀ ਹੈ। ਸਰਬ ਪਾਰਟੀ ਮੀਟਿੰਗ ਦਾ ਕਿਸ ਨੂੰ ਨਫ਼ਾ ਤੇ ਕਿਸ ਨੂੰ ਨੁਕਸਾਨ ਹੋਵੇਗਾ, ਇਹ ਤਾਂ 24 ਜੂਨ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ, ਪਰ  ਜਿਸ ਤਰ੍ਹਾਂ ਕਿਸਾਨੀ ਮੁੱਦੇ 'ਤੇ ਸਿਆਸੀ ਦਲ ਇਕ-ਦੂਜੇ ਨੂੰ ਠਿੱਬੀ ਲਾਉਣ ਦੇ ਆਹਰ 'ਚ ਹਨ, ਉਸ ਨੇ ਪੰਜਾਬ ਦੀ ਸਿਆਸਤ 'ਚ ਗਰਮਾਹਟ ਜ਼ਰੂਰ ਲਿਆਂਦੀ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।