'ਸੁਖਬੀਰ ਬਾਦਲ ਕੁਰਬਾਨੀਆਂ ਦੀਆਂ ਗੱਲਾਂ ਕਰ ਕੇ ਚੀਚੀ 'ਤੇ ਖ਼ੂਨ ਲਗਾ ਕੇ ਸ਼ਹੀਦ ਬਣਨਾ ਚਾਹੁੰਦੈ:ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂ ਹੁਣ ਹਰ ਮੁੱਦੇ..........

Sukhbir Singh Badal

ਖੰਨਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂ ਹੁਣ ਹਰ ਮੁੱਦੇ ਤੇ ਕੁਰਬਾਨੀਆਂ ਦੇਣ ਦੀਆਂ ਗੱਲਾਂ ਕਰਕੇ ਚੀਚੀ ਤੇ ਖੁਨ ਲਗਾ ਕੇ ਸ਼ਹੀਦ ਬਣਨਾ ਚਾਹੁੰਦੇ ਹਨ, ਜਦੋਂ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਪਿੱਠ ਦਿਖਾਈ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਅੱਜ ਇਥੇ ਗੱਲਬਾਤ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਹੀ ਹੈ।

ਪਰ ਸੁਖਬੀਰ ਬਾਦਲ ਕੇਵਲ ਸੂਬੇ ਵਿਚ ਆਪਣੀ ਬਚੀ ਖੁਚੀ ਸ਼ਾਖ ਬਚਾਉਣ ਲਈ ਐਮਐਸਪੀ ਸਮੇਤ ਕੁੱਝ ਹੋਰ ਮੁੱਦਿਆਂ 'ਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ ਆਖ ਰਹੇ ਹਨ, ਜੇਕਰ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਨਾਲ ਇੰਨੀ ਹੀ ਹਮਦਰਦੀ ਹੈ ਤਾਂ ਭਾਜਪਾ ਨਾਲ ਨਾਤਾ ਤੋੜ ਕੇ ਕੇਂਦਰ ਸਰਕਾਰ ਤੋਂ ਖੈਰਾਤ 'ਚ ਮਿਲੀ ਵਜੀਰੀ ਨੂੰ ਕਿਉਂÎ ਨਹੀਂ ਛੱਡ ਦਿੰਦੇ।

ਧਰਮਸੌਤ ਨੇ ਕਿਹਾ ਕਿ ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੁਰਬਾਨੀਆਂ ਦੀਆਂ ਗੱਲਾਂ ਯਾਦ ਆਉਣ ਲੱਗ ਜਾਂਦੀਆਂ ਹਨ ਪਰ ਲੋੜ ਪੈਣ ਤੇ ਹਮੇਸ਼ਾ ਹੀ ਆਪਣੇ ਨਿਜੀ ਮੁਫਾਦਾਂ ਨੂੰ ਦੇਖਦੇ ਹੋਏ ਅਕਾਲੀਆਂ ਤੇ ਖਾਸ ਕਰਕੇ ਬਾਦਲ ਪਰਿਵਾਰ ਨੇ ਸੂਬੇ ਦੇ ਹਿੱਤਾਂ ਨੂੰ ਛਿੱਕੇ ਟੰਗਿਆ ਹੈ। ਪਹਿਲਾਂ ਵੀ ਸੱਤਾ ਹੱਥ ਨਾ ਆਉਂਦੇ ਦੇਖ ਪੰਜਾਬ ਨੂੰ ਅੱਤਵਾਦ ਦੇ ਦੌਰ ਵੱਲ ਧੱਕਿਆ ਤੇ ਪੰਜਾਬ ਦੇ ਹਜ਼ਾਰਾਂ ਬੇਕਸੂਰ ਨੌਜਵਾਨਾਂ ਨੂੰ ਮਰਵਾਇਆ।

ਹੁਣ ਫਿਰ ਸੁਖਬੀਰ ਬਾਦਲ ਖਾਲਿਸਥਾਨ ਸਮਰਥਕੀ ਬਿਆਨ ਦੇ ਕੇ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦਾ ਹੈ। ਪਰ ਕਾਂਗਰਸ ਸਰਕਾਰ ਕਿਸੇ ਵੀ ਸੂਰਤ ਵਿਚ ਇਨ੍ਹਾਂ ਦੇ ਮਨਸੂਬਿਆਂ ਨੂੰ ਬੂਰ ਨਹੀਂ ਪੈਣ ਦੇਵੇਗੀ।

ਧਰਮਸੌਤ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਪੰਜਾਬ ਦੇ ਹਿੱਤਾਂ ਦੀ ਕੋਈ ਫਿਕਰ ਹੁੰਦੀ ਤਾਂ ਕੁਰਬਾਨੀਆਂ ਦੇਣ ਦੀਆਂ ਗੱਲਾਂ ਕਰਨ ਨਾਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਕੋਈ ਫੈਸਲਾ ਲੈਂਦੇ।

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਮਲੂਕਾ ਵੀ ਤੇਲ ਦੀਆਂ ਕੀਮਤਾਂ 'ਤੇ ਕੇਂਦਰ ਸਰਕਾਰ ਵਿਰੁੱਧ ਬੋਲ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਹਨ ਜਦੋਂ ਕਿ ਬਿਆਨਬਾਜੀ ਕਰਨ ਨਾਲੋਂ ਉਨ੍ਹਾਂ ਨੂੰ ਵੀ ਕੇਂਦਰ ਸਰਕਾਰ ਵਿਰੁੱਧ ਕੋਈ ਫੈਸਲਾ ਲੈਣਾ ਚਾਹੀਦਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ