ਪੰਜਾਬ ਸਰਕਾਰ ਵਲੋਂ ਬਾਸਮਤੀ ਦੇ ਅੰਤਰਰਾਸ਼ਟਰੀ ਮੰਡੀਕਰਨ ਲਈ ਤਿਆਰੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਹੱਦੀ ਖੇਤਰ ਦੀ ਬਾਸਮਤੀ, ਜੋ ਕਿ ਅੰਤਰਰਾਸ਼ਟਰੀ ਮੰਡੀ ਵਿਚ ਚੰਗੀ ਪਛਾਣ ਬਣਾ ਗਈ ਸੀ, ਦੇ ਵਪਾਰ ਨੂੰ ਮੁੜ ਲੀਹ 'ਤੇ ਪਾਉਣ ਲਈ ਪੰਜਾਬ ਸਰਕਾਰ ਨੇ ਬਾਸਮਤੀ............

Kahan Singh Pannu addressing the seminar

ਅੰਮ੍ਰਿਤਸਰ : ਸਰਹੱਦੀ ਖੇਤਰ ਦੀ ਬਾਸਮਤੀ, ਜੋ ਕਿ ਅੰਤਰਰਾਸ਼ਟਰੀ ਮੰਡੀ ਵਿਚ ਚੰਗੀ ਪਛਾਣ ਬਣਾ ਗਈ ਸੀ, ਦੇ ਵਪਾਰ ਨੂੰ ਮੁੜ ਲੀਹ 'ਤੇ ਪਾਉਣ ਲਈ ਪੰਜਾਬ ਸਰਕਾਰ ਨੇ ਬਾਸਮਤੀ ਦੀ ਬਿਜਾਈ ਦੇ ਨਾਲ ਹੀ ਕਮਰ ਕੱਸ ਲਈ ਹੈ।  ਅੱਜ ਖੇਤੀਬਾੜੀ ਵਿਭਾਗ ਦੇ ਸੈਕਟਰੀ ਸ. ਕਾਹਨ ਸਿੰਘ ਪੰਨੂੰ, ਜੋ ਕਿ ਕਿਰਸਾਨੀ ਦੀ ਬਾਂਹ ਫੜਨ ਵਾਲੇ ਅਧਿਕਾਰੀ ਸਮਝੇ ਜਾਂਦੇ ਹਨ, ਦੀ ਅਗਵਾਈ ਹੇਠ ਖੇਤੀ ਮਾਹਿਰਾਂ ਦੀ ਟੀਮ ਵਲੋਂ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਕਿਸਾਨਾਂ ਨੂੰ ਇਹ ਦਵਾਈਆਂ ਵੇਚਦੇ ਡੀਲਰਾਂ ਤੇ ਦੁਕਾਨਦਾਰਾਂ ਨਾਲ ਵਿਚਾਰ-ਚਰਚਾ ਕੀਤੀ ਗਈ।

ਇਸ ਵਿਚ ਮਾਹਿਰਾਂ ਨੇ ਕਿਸਾਨਾਂ ਵੱਲੋਂ ਵੇਖਾ-ਵੇਖੀ ਜਾਂ ਦੁਕਾਨਦਾਰਾਂ ਦੇ ਮਗਰ ਲੱਗ ਕੇ ਪਾਈਆਂ ਜਾਂਦੀਆਂ ਕੀਟਨਾਸ਼ਕ ਦਵਾਈਆਂ ਨਾਲ ਪ੍ਰਭਾਵਿਤ ਹੋਏ ਅੰਤਰਰਾਸ਼ਟਰੀ ਵਪਾਰ ਦਾ ਹਵਾਲਾ ਦਿੰਦੇ ਕਿਹਾ ਕਿ ਜੇਕਰ ਤੁਸੀਂ ਇਸੇ ਤਰਾਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸਾਂ ਨੂੰ ਅਣਗੌਲਿਆ ਕਰਕੇ ਆਪਣੇ ਛੋਟੇ ਜਿਹੇ ਕਮਿਸ਼ਨ ਦੀ ਖਾਤਰ ਦਵਾਈਆਂ ਵੇਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਤੁਹਾਡੀ ਦੁਕਾਨ ਤੋਂ ਗਏ ਮਾਲ ਦੇ ਪੈਸੇ ਕਿਸਾਨ ਨੇ ਆਪਣੇ ਨੁਕਸਾਨ ਦੀ ਖਾਤਰ ਦੇ ਨਹੀਂ ਸਕਣੇ ਅਤੇ ਤੁਹਾਡੇ ਲੱਖਾਂ-ਕਰੋੜਾਂ ਰੁਪਏ ਦਾ ਵਪਾਰ ਡੁੱਬ ਕੇ ਰਹਿ ਜਾਵੇਗਾ। 

ਸ: ਪੰਨੂੰ ਨੇ ਦਸਿਆ ਕਿ ਬਾਸਮਤੀ ਦਾ 50 ਹਜ਼ਾਰ ਕਰੋੜ ਰੁਪਏ ਤੋ ਵੱਧ ਦਾ ਐਕਸਪੋਰਟ ਦਾ ਵਪਾਰ ਹੈ ਜੇਕਰ ਅਸੀ ਹੁਣ ਵੀ ਨਾ ਸਮਝੇ ਤਾਂ ਇਹ ਵਪਾਰ ਬਰਬਾਦ ਹੋ ਕੇ ਰਹਿ ਜਾਵੇਗਾ। ਉਨਾਂ੍ਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ  ਆਉਦੇ ਚਾਰ ਮਹੀਨਿਆਂ ਵਿਚ ਬਾਸਮਤੀ ਨੂੰ ਜ਼ਹਿਰ ਮੁਕਤ ਕਰਨ ਦਾ ਪ੍ਰਣ ਲੈਣ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਬਾਸਮਤੀ 'ਤੇ ਸਪਰੇਅ ਲਈ ਟ੍ਰਾਈਸਾਈਕਲਾਜੋਲ, ਐਸੀਫੇਟ, ਟ੍ਰਾਈਐਜੋਫਾਸ, ਡਾਇਆਮਿਥੋਕਸਮ ਅਤੇ ਕਾਰਬੈਂਡਾਜਿਮ ਰਸਾਇਣ ਹਰਗਿਜ ਨਾ ਵੇਚੋ, ਕਿਉਂਕਿ ਇਨਾਂ ਦੇ ਅੰਸ਼ ਚੌਲਾਂ ਤੱਕ ਚਲੇ ਜਾਂਦੇ ਹਨ, ਜੋ ਕਿ ਅੰਤਰਰਾਸ਼ਟਰੀ ਵਪਾਰ ਲਈ ਵੱਡਾ ਰੋੜਾ ਬਣਦੇ ਹਨ। 

ਇਸ ਮੌਕੇ ਸੰਬੋਧਨ ਕਰਦੇ ਪੰਜਾਬ ਰਾਈਸ ਐਕਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਇਸ ਵਾਰ ਜ਼ਹਿਰ ਮੁਕਤ ਬਾਸਮਤੀ ਦਾ ਭਾਅ ਮੌਜੂਦਾ ਰੇਟ ਨਾਲੋਂ 500 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਦੇਵਾਂਗੇ, ਕਿਉਂਕਿ ਇਸ ਦੀ ਮਾਰਕੀਟ ਵਿਦੇਸ਼ਾਂ ਵਿਚ ਜ਼ਿਆਦਾ ਹੈ। ਡਾਇਰੈਕਟਰ ਖੇਤੀਬਾੜੀ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਪਾਬੰਦੀਸ਼ੁਦਾ ਦਵਾਈ ਦੀ ਸਪਰੇਅ ਨਾ ਕੀਤੀ ਜਾਵੇ ਤਾਂ ਕਿਸਾਨ ਨੂੰ ਇਸੇ ਤਰਾਂ ਵੱਧ ਕੀਮਤ ਯਕੀਨੀ ਮਿਲੇਗੀ, ਜਿਸਦਾ ਲਾਭ ਸਾਰੀ ਅਰਥਵਿਵਸਥਾ 'ਤੇ ਪਵੇਗਾ। ਇਸ ਵਾਰ 5 ਲੱਖ ਹੈਕਟੇਅਰ ਰਕਬਾ ਬਾਸਮਤੀ ਅਧੀਨ ਹੈ ਅਤੇ 40 ਲੱਖ ਟਨ ਬਾਸਮਤੀ ਦੇ ਨਿਰਯਾਤ ਹੋਣ ਦੀ ਆਸ ਹੈ।

ਮੁੱਖ ਖੇਤੀਬਾੜੀ ਅਧਿਕਾਰੀ ਸ. ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਇਕੱਲੇ ਅੰਮ੍ਰਿਤਸਰ ਜਿਲ੍ਹੇ ਵਿਚ 80 ਹਜ਼ਾਰ ਹੈਕਟੇਅਰ ਰਕਬਾ ਬਾਸਮਤੀ ਹੇਠ ਹੈ ਅਤੇ ਅਸੀਂ ਡੀਲਰਾਂ, ਦੁਕਾਨਦਾਰਾਂ ਤੇ ਕਿਸਾਨਾਂ ਨੂੰ ਸਮਝਾ ਕੇ ਇਸ ਵਾਰ ਐਕਸਪੋਰਟ ਵਿਚ ਵਾਧਾ ਕਰਨਾ ਯਕੀਨੀ ਬਣਾਵਾਂਗੇ। ਇਸ ਮੌਕੇ ਸੰਯੁਕਤ ਡਾਇਰੈਕਟਰ ਪੌਦ ਸੁਰੱਖਿਆ ਸ. ਸੁਖਦੇਵ ਸਿੰਘ ਸੰਧੂ, ਡਾ. ਰਿਤੇਸ਼ ਸ਼ਰਮਾ ਸੀਨੀਅਰ ਸਾਇੰਸਦਾਨ 'ਅਪੀਡਾ', ਖੇਤੀ ਯੂਨੀਵਰਸਿਟੀ ਤੋਂ  ਡਾ. ਅਮਰਜੀਤ ਸਿੰਘ ਤੇ ਡਾ. ਗੁਰਮੀਤ ਸਿੰਘ ਨੇ ਵੀ ਜ਼ਹਿਰਾਂ ਦੀ ਵਰਤੋਂ ਬਿਨਾਂ ਸਿਫਾਰਸ਼ ਦੇ ਨਾ ਕਰਨ ਦੀ ਸਲਾਹ ਦਿਤੀ।  

Related Stories