ਖ਼ਬਰ ਦਾ ਅਸਰ: ਇਤਿਹਾਸਕ ਹੰਸਲੀ ਦੀ ਸਫ਼ਾਈ ਨੂੰ ਲੈ ਕੇ ਗ਼ਫ਼ਲਤ ਦੀ ਨੀਂਦ ਤੋਂ ਜਾਗੀ ਸ਼੍ਰੋਮਣੀ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਤਿਹਾਸਕ ਹੰਸਲੀ ਦੀ ਸਫ਼ਾਈ ਨੂੰ ਲੈ ਕੇ ਗ਼ਫ਼ਲਤ ਦੀ ਨੀਂਦ ਤੋਂ ਜਾਗੀ ਸ਼੍ਰੋਮਣੀ ਕਮੇਟੀ

Hansli

ਅੰਮ੍ਰਿਤਸਰ- ਸਪੋਕਸਮੈਨ ਟੀਵੀ' ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਜਾਂਦੀ ਇਤਿਹਾਸਕ ਹੰਸਲੀ ਦੀ ਮੰਦੀ ਹਾਲਤ ਬਾਰੇ ਖ਼ਬਰ ਚਲਾਏ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਕੁੱਝ ਸਫ਼ਾਈ ਕਰਮਚਾਰੀਆਂ ਨੂੰ ਹੰਸਲੀ ਦੀ ਸਫ਼ਾਈ ਕਰਨ ਲਈ ਭੇਜਿਆ ਗਿਆ ਪਰ ਅਫ਼ਸੋਸ ਕਿ ਜਦੋਂ ਸਫ਼ਾਈ ਕਰਮੀਆਂ ਨੇ ਸਬੰਧਤ ਹੋਟਲ ਮਾਲਕਾਂ ਨੂੰ ਹੰਸਲੀ 'ਤੇ ਪੈ ਰਹੀਆਂ ਡ੍ਰੇਨ ਦੀਆਂ ਪਾਈਪਾਂ ਨੂੰ ਹਟਾਉਣ ਲਈ ਆਖਿਆ ਤਾਂ ਉਨ੍ਹਾਂ ਨੂੰ ਮੁਅੱਤਲ ਕਰਵਾ ਦੇਣ ਦੀਆਂ ਧਮਕੀਆਂ ਦਾ ਸਾਹਮਣਾ ਪਿਆ।

ਇਕ ਹੋਟਲ ਵਾਲੇ ਨੇ ਤਾਂ ਤੁਰੰਤ ਸਫ਼ਾਈ ਕਰਮਚਾਰੀਆਂ ਨੂੰ ਤਲਖ਼ ਸ਼ਬਦਾਂ ਵਿਚ ਜਵਾਬ ਦਿੰਦਿਆਂ ਆਖ ਦਿੱਤਾ ਕਿ ਇਹ ਹੋਟਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਾ ਹੈ ਜੇ ਨੌਕਰੀ ਤੋਂ ਮੁਅੱਤਲ ਹੋਣਾ ਤਾਂ ਹੋਟਲ ਦੀਆਂ ਪਾਈਪਾਂ ਹਟਾਉਣ ਦੀ ਗੱਲ ਕਰਿਓ ਇਹ ਸੁਣਦਿਆਂ ਹੀ ਸਫ਼ਾਈ ਕਰਮਚਾਰੀ ਅਪਣੀ ਨੌਕਰੀ ਬਚਾਉਣ ਲਈ ਉਥੋਂ ਬਿਨਾਂ ਸਫ਼ਾਈ ਕੀਤੇ ਹੀ ਪਰਤ ਗਏ। ਇਸ ਸਬੰਧੀ ਜਦੋਂ ਐਸਜੀਪੀਸੀ ਦੇ ਸਾਬਕਾ ਸਕੱਤਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਹੋਟਲ ਮੇਰਾ ਨਹੀਂ ਬਲਕਿ ਮੇਰੇ ਜਾਣਕਾਰਾਂ ਦਾ ਹੈ ਮੇਰਾ ਨਾਂਅ ਗ਼ਲਤ ਵਰਤਿਆ ਗਿਆ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਸਪੋਕਸਮੈਨ ਵੱਲੋਂ 100 ਸਾਲ ਪੁਰਾਣੀ ਇਤਿਹਾਸਕ ਹੰਸਲੀ ਦੀ ਮਾੜੀ ਹਾਲਤ ਬਾਰੇ ਖ਼ਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਸੀ। ਜਿਸ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਅਧਿਕਾਰੀ ਗਫ਼ਲਤ ਦੀ ਨੀਂਦ ਤੋਂ ਜਾਗੇ ਹਨ ਪਰ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਸਫ਼ਾਈ ਦੇ ਕੰਮ ਵਿਚ ਆੜੇ ਆ ਰਹੇ ਹੋਟਲ ਮਾਲਕਾਂ ਨਾਲ ਕਿਵੇਂ ਨਿਪਟਦੀ ਹੈ। 
 

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ