ਲੋਕ ਡੁੱਬ ਰਹੇ, ਸੁਖਬੀਰ ਸੈਲਫ਼ੀਆਂ ਲੈ ਰਹੇ ਹਨ : ਰਾਜਕੁਮਾਰ ਵੇਰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਬਾਦਲਾਂ ਨੂੰ ਚਾਹੀਦਾ ਹੈ ਕਿ ਦਿੱਲੀ 'ਚ ਧਰਨਾ ਦੇਣ ਅਤੇ ਕੇਂਦਰ ਦੀ ਗ੍ਰਾਂਟ ਲਿਆ ਕੇ ਪੰਜਾਬੀਆਂ ਦੀ ਮਦਦ ਕਰਨ।

Dr. Rajkumar Verka

ਚੰਡੀਗੜ੍ਹ : ਪੰਜਾਬ ਵਿਚ ਆਏ ਭਿਆਨਕ ਹੜ੍ਹ ਕਾਰਨ ਸੂਬੇ ਵਿਚ ਲਗਪਗ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਸੂਬੇ ਵਿਚ ਕਈ ਇਲਾਕੇ ਅਜਿਹੇ ਹਨ, ਜਿਥੇ ਇਸ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਹਾਲਾਂਕਿ ਇਨ੍ਹਾਂ ਇਲਾਕਿਆਂ ਵਿਚ ਪਾਣੀ ਦਾ ਪੱਧਰ ਹੁਣ ਘਟ ਗਿਆ ਹੈ, ਪਰ ਇਥੇ ਫਸਲਾਂ ਦਾ ਭਾਰੀ ਨੁਕਸਾਨ ਹੋਣ ਕਾਰਨ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਬਣੀ ਹੋਈ ਹੈ। ਇਥੋਂ ਤੱਕ ਕਿ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋਣ ਤੋਂ ਬਾਅਦ ਹੁਣ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਧਰ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਸੂਬੇ ਦੀ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਹੁਣ ਹਾਲਾਤ ਕੰਟਰੋਲ 'ਚ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਨਿਪਟਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਸਾਰੇ ਮੰਤਰੀਆਂ, ਡਿਪਟੀ ਕਮਿਸ਼ਨਰਾਂ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਰਾਹਤ ਕਾਰਜਾਂ 'ਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਹੋਵੇਗੀ। ਲੋਕਾਂ ਨੂੰ ਖਾਣ-ਪੀਣ ਦੀ ਸਮੱਗਰੀ ਮੁਹਈਆ ਕਰਵਾਉਣ ਲਈ ਸਰਕਾਰੀ ਗੁਦਾਮਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ 'ਚ ਰਾਹਤ ਕਾਰਜ ਜੰਗੀ ਪੱਧਰ 'ਤੇ ਚਲਾਏ ਜਾ ਰਹੇ ਹਨ।

ਡਾ. ਵੇਰਕਾ ਨੇ ਕਿਹਾ ਕਿ ਇਸ ਨਾਜ਼ੁਕ ਸਮੇਂ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਾਕਰ ਹਰਿਆਣਾ, ਹਿਮਾਚਲ, ਗੁਜਰਾਤ, ਮਹਾਰਾਸ਼ਟਰ ਆਦਿ ਦੀ ਮਦਦ ਕਰ ਰਹੀ ਹੈ, ਪਰ ਪੰਜਾਬ ਤੋਂ ਭੱਜ ਰਹੀ ਹੈ, ਇਸ ਦੇ ਲਈ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਹਰਮਿਸਮਰਤ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ। ਬਾਦਲਾਂ ਨੂੰ ਚਾਹੀਦਾ ਹੈ ਕਿ ਦਿੱਲੀ 'ਚ ਧਰਨਾ ਦੇਣ ਅਤੇ ਕੇਂਦਰ ਦੀ ਗ੍ਰਾਂਟ ਲਿਆ ਕੇ ਪੰਜਾਬੀਆਂ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਬੀਬੀਐਮਬੀ ਪੰਜਾਬ ਦੀ ਤ੍ਰਾਸਦੀ ਲਈ ਜ਼ਿੰਮੇਵਾਰ ਹੈ। ਜੇ ਉਹ ਸਹੀ ਤਰੀਕੇ ਨਾਲ ਕੰਮ ਕਰਦੇ ਤਾਂ ਅੱਜ ਪੰਜਾਬ 'ਚ ਇਹ ਹਾਲਾਤ ਪੈਦਾ ਨਾ ਹੁੰਦੇ।

ਡਾ. ਵੇਰਕਾ ਨੇ ਸੁਖਬੀਰ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਸੈਲਫ਼ੀਆਂ ਲੈ ਰਹੇ ਹਨ ਅਤੇ ਦੂਜੇ ਪਾਸੇ ਲੋਕ ਡੁੱਬ ਰਹੇ ਹਨ।