ਪਿੰਡ ਦੇ ਨੌਜਵਾਨਾਂ ਨੇ ਚਾਰੇ ਪਾਸੇ ਪਾਈ ਧੱਕ, ਜੋ ਕੰਮ ਕਰ ਨਾ ਸਕੀ ਸਰਕਾਰ ਕਰ ਗਏ ਨੌਜਵਾਨ!
ਨੌਜਵਾਨਾਂ ਨੇ ਦਸਿਆ ਕਿ ਉਹਨਾਂ ਦਾ ਪਿੰਡ ਵਿਕਾਸ ਪੱਖੋਂ...
ਤਰਨਤਾਰਨ: ਤਰਨਤਾਰਨ ਦੇ ਪਿੰਡ ਸੁਰਸਿੰਘ ਨੂੰ ਖੂਬਸੂਰਤ ਬਣਾਉਣ ਵਾਸਤੇ ਪਿੰਡ ਦੇ ਨੌਜਵਾਨਾਂ ਨੇ ਬੀੜਾ ਚੁੱਕਿਆ ਹੈ। ਇਸ ਕੰਮ ਵਿਚ ਐਨਆਰਆਈਜ਼ ਵੱਲੋਂ ਵੀ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਸਪੋਕਸਮੈਨ ਟੀਮ ਵੱਲੋਂ ਇਸ ਪਿੰਡ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ।
ਨੌਜਵਾਨਾਂ ਨੇ ਦਸਿਆ ਕਿ ਉਹਨਾਂ ਦਾ ਪਿੰਡ ਵਿਕਾਸ ਪੱਖੋਂ ਬਹੁਤ ਪਛੜਿਆ ਹੋਇਆ ਸੀ ਪਰ ਉਹਨਾਂ ਦੇ ਪਿੰਡ ਦੇ ਐਨਆਰਆਈਜ਼ ਨੇ ਇਸ ਕੰਮ ਵਿਚ ਉਹਨਾਂ ਦੀ ਅੱਗੇ ਆ ਕੇ ਮਦਦ ਕੀਤੀ ਹੈ ਜਿਸ ਵਿਚ ਉਹਨਾਂ ਨੇ ਵੀ ਸਹਿਯੋਗ ਦਿੱਤਾ ਹੈ। ਤਕਰੀਬਨ ਡੇਢ ਸਾਲ ਤੋਂ ਉਹ ਸਫ਼ਾਈ ਦੇ ਕੰਮ ਵਿਚ ਜੁੜੇ ਹੋਏ ਹਨ। ਹੋਰ ਕੋਈ ਸੰਸਥਾ ਵੱਲੋਂ ਉਹਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾਂਦੀ।
ਜਦੋਂ ਉਹਨਾਂ ਨੇ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ 50 ਨੌਜਵਾਨ ਜੁੜੇ ਸਨ ਪਰ ਹੁਣ ਇਹਨਾਂ ਨੌਜਵਾਨਾਂ ਦੀ ਗਿਣਤੀ 60 ਤੋਂ 70 ਹੋ ਚੁੱਕੀ ਹੈ। ਐਨਆਰਆਈਜ਼ ਵੱਲੋਂ ਉਹਨਾਂ ਗਰੀਬ ਲੋਕਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ ਜਿਹਨਾਂ ਦੇ ਸਿਰ ਤੇ ਛੱਤ ਨਹੀਂ ਹੈ। ਉੱਥੇ ਹੀ ਉਹਨਾਂ ਦਸਿਆ ਕਿ ਹਰ ਨੌਜਵਾਨ ਵਿਚ ਪਿੰਡ ਦੀ ਨੁਹਾਰ ਬਦਲਣ ਦਾ ਭਾਰੀ ਉਤਸ਼ਾਹ ਹੈ।
ਹਰ ਕੋਈ ਇਹੀ ਚਾਹੁੰਦਾ ਹੈ ਕਿ ਉਹਨਾਂ ਦਾ ਪਿੰਡ ਸਾਫ਼-ਸੁਥਰਾ ਬਣੇ। ਇਸ ਦੇ ਨਾਲ ਹੀ ਪਿੰਡ ਵਿਚ ਗਲੀਆਂ ਵਿਚ ਰੌਸ਼ਨੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਨੌਜਵਾਨ ਇਕ ਦੂਜੇ ਤੋਂ ਵਧ ਕੇ ਸਾਥ ਦੇ ਰਹੇ ਹਨ। ਉਹਨਾਂ ਅੱਗੇ ਦਸਿਆ ਕਿ ਐਨਆਰਆਈਜ਼ ਦੇ ਸਹਿਯੋਗ ਦੇ ਨਾਲ ਪਿੰਡ ਵਿਚ ਖੇਡਾਂ ਲਈ ਗਰਾਊਂਡ ਵੀ ਤਿਆਰ ਕੀਤਾ ਜਾਵੇਗਾ ਤਾਂ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਨਾਲ ਜੁੜਨ ਤੇ ਅਪਣੀ ਜਵਾਨੀ ਨਸ਼ਿਆਂ ਪਿੱਛੇ ਬਰਬਾਦ ਨਾ ਕਰਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।