ਮੁਰਦਾਬਾਦ ਦੇ ਨਾਅਰਿਆਂ ਤੋਂ ਖਿਝਕੇ 'ਗੁਰਦਾਸ ਮਾਨ' ਨੇ ਸਟੇਜ 'ਤੇ ਹੀ ਕੱਢੀ ਗਾਲ਼
ਸਰੋਤਿਆਂ 'ਚ ਬੈਠੀਆਂ ਔਰਤਾਂ 'ਤੇ ਲੜਕੀਆਂ ਸ਼ਰਮਸਾਰ
ਪੰਜਾਬ -ਪੰਜਾਬੀ ਮਾਂ ਬੋਲੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਹਾਉਣ ਵਾਲਾ ਗੁਰਦਾਸ ਮਾਨ ਵੀ ਪੰਜਾਬੀਆਂ ਦੇ ਗੁੱਸੇ ਤੋਂ ਵਾਂਝਾ ਨਾ ਰਿਹਾ। ਗੁਰਦਾਸ ਮਾਨ ਦੇ ਐਬਟਸਫੋਰਡ ਵਿਖੇ ਹੋ ਰਹੇ ਸ਼ੋਅ ਵਿਚ ਕੁਝ ਸਰੋਤਿਆਂ ਵਲੋਂ, ਉਸਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਹਨ। ਜਿਸ ਦੌਰਾਨ ਗੁਰਦਾਸ ਮਾਨ ਆਪਣਾ ਆਪ ਖੋਹ ਬੈਠਾ ਅਤੇ ਅਜਿਹੀ ਗੰਦੀ ਟਿੱਪਣੀ ਕਰ ਬੈਠਾ ਕਿ ਸਾਰੇ ਸਰੋਤੇ ਹੈਰਾਨ ਰਹਿ ਗਏ। ਲੋਕਾਂ ਨੇ ਵੀਡੀਓ ਦੇ ਕਮੈਂਟਾਂ 'ਚ ਇਹ ਤੱਕ ਲਿਖਿਆ ਕਿ ਗੁਰਦਾਸ ਮਾਨ ਨੇ ਇਹ ਸ਼ਬਦਾਵਲੀ ਵਰਤਣ ਲੱਗੇ ਨੇ ਇੱਕ ਵਾਰ ਵੀ ਨਾ ਸੋਚਿਆ ਕਿ ਉਥੇ ਉਸਦੇ ਬੱਚਿਆਂ ਤੇ ਭੈਣਾਂ ਦੇ ਸਮਾਨ ਲੜਕੀਆਂ ਅਤੇ ਔਰਤਾਂ ਵੀ ਬੈਠੀਆਂ ਹਨ
ਜੋ ਕਿ ਇਹ ਸਭ ਸੁਣਕੇ ਸ਼ਰਮਿੰਦਾ ਹੋ ਗਈਆਂ ਕੀ ਗੁਰਦਾਸ ਮਾਨ ਆਪਣੇ ਹਰ ਅਖਾੜੇ ਵਿਚ ਇਹ ਭਾਸ਼ਾ ਵਰਤਦਾ ਹੈ ਅਤੇ ਪੰਜਾਬੀ ਇਸੇ ਗੱਲ ਕਰਕੇ ਇਸਨੂੰ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਹਿੰਦੇ ਸਨ। ਅੱਜ ਸ਼ਾਇਦ ਇਹ ਸ਼ਬਦਾਵਲੀ ਗੁਰਦਾਸ ਮਾਨ ਦੇ ਮੂੰਹੋਂ ਸੁਣਕੇ ਕਈਆਂ ਦੇ ਭਲੇਖੇ ਨਿਕਲ ਗਏ ਹੋਣੇ ਹਨ। ਦੱਸ ਦਈਏ ਕਿ ਗੁਰਦਾਸ ਮਾਨ ਦਾ ਇੱਕ ਇੰਟਰਵਿਊ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਸੀ ਜਿਸ ਵਿਚ ਗੁਰਦਾਸ ਮਾਨ ਨੇ ਕੈਨੇਡਾ ਦੇ ਰੇਡੀਓ ‘ਤੇ ਡੀਬੇਟ ਕਰਦੇ ਕਹਿ ਦਿੱਤਾ ਸੀ
ਕਿ ਜਦੋਂ ਅਸੀਂ ਹਿੰਦੀ ਫਿਲਮਾਂ ਦੇਖ ਸਕਦੇ ਹਾਂ ਤਾਂ ਫਿਰ ਪੂਰੇ ਦੇਸ਼ ‘ਚ ਹਿੰਦੀ ਲਾਗੂ ਹੋਣ ਨਾਲ ਕੀ ਫ਼ਰਕ ਪੈਂਦਾ ਹੈ। ਇੰਨਾ ਹੀ ਨਹੀਂ ਮਾਨ ਨੇ ਕਿਹਾ ਕਿ ਜੇਕਰ ਅਸੀ ਆਪਣੀ ਮਾਂ ਦਾ ਖਿਆਲ ਰੱਖ ਸਕਦੇ ਹਾਂ ਤਾਂ ਮਾਸੀ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ। ਪਹਿਲਾਂ ਇਹ ਕਹਿਕੇ ਗੁੱਸਾ ਸਹੇੜਿਆ ਹੁਣ ਗ਼ਲਤ ਸ਼ਬਦਾਵਲੀ 'ਤੇ ਗੁਰਦਾਸ ਮਾਨ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲੇਗਾ ਇਹ ਦੇਖਣਾ ਲਾਜ਼ਮੀ ਹੋਵੇਗਾ।