'ਕੀ ਇਕ ਚੋਣ ਨਤੀਜੇ ਨੇ ਇੰਨੀ ਤਾਕਤ ਦੇ ਦਿੱਤੀ ਕਿ ਕਿਸੇ ਦੀ ਵੀ ਹੱਤਿਆ ਕਰ ਦਿਓ?'

ਏਜੰਸੀ

ਖ਼ਬਰਾਂ, ਰਾਸ਼ਟਰੀ

ਭੀੜ ਵੱਲੋਂ ਹੱਤਿਆ ਮਾਮਲੇ 'ਤੇ ਸ਼ਸ਼ੀ ਥਰੂਰ ਨੇ ਕੀਤਾ ਸਵਾਲ

Is one election result gave so much power to do anything and kill anyone: Shashi Tharoor

ਨਵੀਂ ਦਿੱਲੀ : ਕਾਂਗਰਸੀ ਆਗੂ ਅਤੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਗਊ ਹੱਤਿਆ ਦੇ ਨਾਂ 'ਤੇ ਕੀਤੀ ਜਾਣ ਵਾਲੀ ਮਾਰਕੁੱਟ ਅਤੇ ਹੱਤਿਆ ਬਾਰੇ ਸਰਕਾਰ ਨੂੰ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੀ ਇਕ ਚੋਣ ਨਤੀਜੇ ਨੇ ਸਾਨੂੰ ਇੰਨੀ ਤਾਕਤ ਦੇ ਦਿੱਤੀ ਹੈ ਕਿ ਅਸੀ ਕੁਝ ਵੀ ਕਰੀਏ ਅਤੇ ਕਿਸੇ ਨੂੰ ਵੀ ਮਾਰ ਦੇਈਏ? ਕੀ ਇਹੀ ਸਾਡਾ ਭਾਰਤ ਹੈ? ਕੀ ਸਾਡਾ ਹਿੰਦੂ ਧਰਮ ਸਾਨੂੰ ਇਹੀ ਸਿਖਾਉਂਦਾ ਹੈ?

ਪੁਣੇ 'ਚ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਤ ਕਰਦਿਆਂ ਸ਼ਸ਼ੀ ਥਰੂਰ ਨੇ ਕਿਹਾ, "ਅਸੀ ਪਿਛਲੇ 6 ਸਾਲਾਂ 'ਚ ਕੀ ਨਹੀਂ ਵੇਖਿਆ?" ਇਸ ਦੀ ਸ਼ੁਰੂਆਤ ਪੁਣੇ 'ਚ ਮੋਹਸਿਨ ਸ਼ੇਖ ਦੀ ਹੱਤਿਆ ਤੋਂ ਹੋਈ। ਉਸ ਤੋਂ ਬਾਅਦ ਮੁਹੰਮਦ ਅਖ਼ਲਾਕ ਨੂੰ ਇਸ ਲਈ ਮਾਰਿਆ ਗਿਆ, ਕਿਉਂਕਿ ਉਹ ਬੀਫ਼ (ਗਊ ਮਾਸ) ਲਿਜਾ ਰਿਹਾ ਸੀ। ਬਾਅਦ 'ਚ ਪਤਾ ਲੱਗਿਆ ਕਿ ਉਸ ਕੋਲ ਬੀਫ ਨਹੀਂ ਸੀ। ਜੇ ਉਹ ਬੀਫ ਸੀ ਤਾਂ ਵੀ ਕਿਸ ਨੇ ਉਨ੍ਹਾਂ ਲੋਕਾਂ ਨੂੰ ਕਿਸੇ ਵਿਅਕਤੀ ਨੂੰ ਮਾਰਨ ਦਾ ਅਧਿਕਾਰ ਦਿੱਤਾ?"

ਸ਼ਸ਼ੀ ਥਰੂਰ ਨੇ ਕਿਹਾ, "ਪਹਿਲੂ ਖ਼ਾਨ ਕੋਲ ਡੇਅਰੀ ਫ਼ਾਰਮਿੰਗ ਲਈ ਗਊ ਲਿਜਾਣ ਦਾ ਲਾਈਸੈਂਸ ਸੀ ਪਰ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕੀ ਇਕ ਚੋਣ ਨਤੀਜੇ ਨੇ ਅਜਿਹੇ ਲੋਕਾਂ ਨੂੰ ਇੰਨੀ ਤਾਕਤ ਦਿੱਤੀ ਕਿ ਉਹ ਕੁਝ ਵੀ ਕਰਨ ਅਤੇ ਕਿਸੇ ਨੂੰ ਵੀ ਮਾਰ ਦੇਣ?" ਕਾਂਗਰਸੀ ਆਗੂ ਨੇ ਸਵਾਲ ਕੀਤਾ, "ਕੀ ਇਹੀ ਸਾਡਾ ਭਾਰਤ ਹੈ? ਕੀ ਇਹੀ ਕਹਿੰਦਾ ਹੈ ਹਿੰਦੂ ਧਰਮ? ਮੈਂ ਹਿੰਦੂ ਹਾਂ ਪਰ ਇਸ ਤਰ੍ਹਾਂ ਦਾ ਨਹੀਂ। ਲੋਕਾਂ ਨੂੰ ਕੁੱਟਦੇ ਹੋਏ, ਉਨ੍ਹਾਂ ਨੂੰ 'ਜੈ ਸ੍ਰੀ ਰਾਮ' ਕਹਿਣ ਲਈ ਕਿਹਾ ਜਾਂਦਾ ਹੈ। ਇਹ ਹਿੰਦੂ ਧਰਮ ਦਾ ਅਪਮਾਨ ਹੈ। ਇਹ ਭਗਵਾਨ ਰਾਮ ਦਾ ਅਪਮਾਨ ਹੈ ਕਿ ਲੋਕ ਉਨ੍ਹਾਂ ਦੇ ਨਾਂ ਦੀ ਵਰਤੋਂ ਕਰ ਕੇ ਮਾਰੇ ਜਾ ਰਹੇ ਹਨ।"