ਕੁਰਆਨ ਸ਼ਰੀਫ਼ ਨੂੰ ਜ਼ੁਬਾਨੀ ਯਾਦ ਕਰ ਕੇ ਅਪਣੇ ਦਿਮਾਗ਼ ਦਾ ਲੋਹਾ ਮਨਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਘਨੌਰ ਖ਼ੁਰਦ ਦੇ 10 ਸਾਲਾ ਬੱਚੇ ਮੁਹੰਮਦ ਕਾਸਿਮ ਨੇ ਮਾਰਿਆ ਮਾਰਕਾ

Mohamed Qasim

ਮਾਲੇਰਕੋਟਲਾ(ਇਸਮਾਈਲ ਏਸ਼ੀਆ) : ਇਥੋਂ ਨਜ਼ਦੀਕੀ ਪਿੰਡ ਬਿਜੋਕੀ ਕਲਾਂ ਵਿਖੇ ਚਲ ਰਹੇ ਜ਼ਾਮੀਆ ਅਸ਼ਰਫੁਲ ਊਲੂਮ ਵਿਖੇ ਧੂਰੀ ਤਹਿਸੀਲ ਦੇ ਨਜ਼ਦੀਕੀ ਪਿੰਡ ਘਨੌਰ ਖ਼ੁਰਦ ਦੇ 10 ਸਾਲਾ ਦੇ ਪੰਜਾਬੀ ਬੱਚੇ ਕਾਸਿਮ ਅਲੀ ਪੁੱਤਰ ਬੂਟਾ ਖ਼ਾਨ ਨੇ ਮੁਸਲਿਮ ਧਰਮ ਦੀ ਪਵਿੱਤਰ ਕਿਤਾਬ ਕੁਰਆਨ-ਏ-ਪਾਕ ਨੂੰ ਮੂੰਹ ਜ਼ੁਬਾਨੀ (ਹਿਫ਼ਜ਼) ਯਾਦ ਕਰ ਕੇ ਅਪਣੇ ਮਾਤਾ-ਪਿਤਾ ਅਤੇ ਜ਼ਮੀਆ ਦਾ ਨਾਂ ਰੌਸ਼ਨ ਕੀਤਾ ਹੈ।

ਇਸ ਸਬੰਧੀ ਜ਼ਾਮੀਆ ਦੇ ਮੁੱਖ ਮੁਫ਼ਤੀ ਹਜ਼ਰਤ ਮੌਲਾਨਾ ਮੁਹੰਮਦ ਕਾਸਿਮ ਨੇ ਕਿਹਾ ਕਿ ਛੋਟੀ ਉਮਰੇ ਇਸ ਤਰ੍ਹਾਂ ਹੁ-ਬਾ-ਹੂ ਇਸ ਅਸਮਾਨੀ ਕਿਤਾਬ ਨੂੰ ਯਾਦ ਕਰਨਾ ਇਸਲਾਮ ਧਰਮ 'ਚ ਬਹੁਤ ਵੱਡਾ ਮਾਰਕਾ ਮੰਨਿਆ ਜਾਂਦਾ ਹੈ ਜਿਸ ਬਾਰੇ ਬਹੁਤ ਵੱਡੀਆਂ ਫ਼ਜ਼ੀਲਤਾਂ ਹਨ ਅਤੇ ਉਸ ਦੇ ਮਾਂ ਬਾਪ ਲਈ ਵੱਡਾ ਜ਼ਖ਼ੀਰਾ-ਏ-ਆਖ਼ਰਤ ਹੈ। ਬੱਚੇ ਦੇ ਉਸਤਾਦ ਕਾਰੀ ਦਾਨਿਸ ਨੇ ਕਿਹਾ ਕਿ ਇਹ ਹੋਣਹਾਰ ਬੱਚਾ ਬਹੁਤ ਜ਼ਹੀਨ ਹੈ ਤੇ ਅਪਣੇ ਸਬਕ ਨੂੰ ਸੁਣਾਉਣ ਲਈ ਕਦੇ ਵੀ ਸੁਸਤੀ ਨਹੀਂ ਕਰਦਾ ਸੀ।

ਉਨ੍ਹਾਂ ਕਿਹਾ ਪਵਿੱਤਰ ਕੁਰਆਨ ਏ ਪਾਕ ਆਮ ਤੌਰ 'ਤੇ ਬੱਚਿਆਂ ਦੇ ਦੋ ਸਾਲ ਤੋਂ ਤਿੰਨ ਸਾਲ ਦੇ ਸਮੇਂ 'ਚ ਯਾਦ ਹੁੰਦਾ ਹੈ ਪਰ ਇਸ ਬੱਚੇ ਨੇ ਇਸ ਨੂੰ ਸਿਰਫ਼ 10 ਮਹੀਨੇ ਦੇ ਸਮੇਂ 'ਚ ਯਾਦ ਕਰ ਕੇ ਅਪਣੇ ਮਿਹਨਤ ਦਾ ਸਿਲ੍ਹਾ ਮਨਵਾਇਆ ਹੈ। ਉਨ੍ਹਾਂ ਕਿਹਾ ਜਦੋਂ ਹੋਰ ਬੱਚੇ ਛੁੱਟੀ ਤੋਂ ਬਾਅਦ ਖੇਡ-ਕੁਦ 'ਚ ਲੱਗੇ ਹੁੰਦੇ ਸਨ ਤਾਂ ਇਹ ਬੱਚਾ ਅਪਣਾ ਸਬਕ ਯਾਦ ਕਰ ਰਿਹਾ ਹੁੰਦਾ ਸੀ।

ਜ਼ਾਮੀਆ ਦੇ ਚੇਅਰਮੈਨ ਇਜ. ਅਰਸਦ ਅਲੀ ਨੇ ਬੱਚੇ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਇਕ ਸਾਲ ਤੋਂ ਘੱਟ ਸਮੇਂ 'ਚ ਇਹ ਮਾਰਕਾ ਮਾਰਨ ਵਾਲੇ ਬੱਚਿਆਂ ਲਈ ਹੌਂਸਲਾ ਅਫ਼ਜ਼ਾਈ ਦੇ ਤੌਰ 'ਤੇ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਦੀ ਜਿਆਰਤ ਅਤੇ ਉਮਰੇ ਹੱਜ ਲਈ ਉਨ੍ਹਾਂ ਬੱਚਿਆਂ ਵਾਸਤੇ ਪੇਸ਼ਕਸ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਹਰ ਮੁਸਲਮਾਨ ਨੂੰ ਚਾਹੀਦਾ ਹੈ ਕਿ ਅਪਣੇ ਬੱਚਿਆਂ ਦੀ ਦੁਨੀਆਂ ਦੇ ਨਾਲ-ਨਾਲ ਦੀਨੀ ਤਾਲੀਮ ਲਈ ਉਮਾਦਾ ਹੋਵੇ ਇਸੇ ਨਾਲ ਉਨ੍ਹਾਂ ਦੀ ਦੁਨੀਆਂ ਅਤੇ ਆਖ਼ਰਤ ਦੀ ਬਿਹਤਰੀ ਰੱਬ ਵਲੋਂ ਰੱਖੀ ਗਈ ਹੈ। ਬੱਚੇ ਕਾਸਿਮ ਦੇ ਮਾਤਾ-ਪਿਤਾ ਅਤੇ ਪਰਵਾਰ ਵਾਲੇ ਉਸ ਦੀ ਇਸ ਪ੍ਰਾਪਤੀ ਲਈ ਫੁਲੇ ਨਹੀਂ ਸਮਾ ਰਹੇ।