ਕਿਉਂ ਬੇਆਬਰੂ ਕੀਤੇ ਜਾਂਦੇ ਨੇ ਅਕਾਲ ਤਖ਼ਤ ਦੇ ਜਥੇਦਾਰ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰਹੂਮ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਤੋਂ ਲਗਭਗ ਹਰ 'ਜਥੇਦਾਰ' ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਹੁਦੇ ਤੋਂ ਬੇਆਬਰੂ ਕਰਕੇ ਭੇਜਣ ਦਾ ਸ਼ੁਰੂ ...

Akal Takht

ਅੰਮ੍ਰਿਤਸਰ (ਸ਼ਾਹ) :- ਮਰਹੂਮ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਤੋਂ ਲਗਭਗ ਹਰ 'ਜਥੇਦਾਰ' ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਹੁਦੇ ਤੋਂ ਬੇਆਬਰੂ ਕਰਕੇ ਭੇਜਣ ਦਾ ਸ਼ੁਰੂ ਹੋਇਆ ਮੰਦਭਾਗਾ ਸਿਲਸਿਲਾ ਹਾਲੇ ਵੀ ਬਾਦਸਤੂਰ ਜਾਰੀ ਹੈ। ਜਿਸ ਵਿਚ ਤਾਜ਼ਾ ਬਲੀ ਗਿਆਨੀ ਗੁਰਬਚਨ ਸਿੰਘ ਨੂੰ ਦੇਣੀ ਪਈ ਹੈ। ਭਰੋਸੇਯੋਗ ਸੂਤਰਾਂ ਦਾ ਦਾਅਵੈ ਕਿ ਗਿਆਨੀ ਗੁਰਬਚਨ ਸਿੰਘ ਦੀ ਜਥੇਦਾਰੀ ਖੁੱਸਣ ਦਾ ਕਾਰਨ ਉਨ੍ਹਾਂ ਵਲੋਂ ਪਹਿਲੀ ਨਵੰਬਰ ਦੇ ਬੰਦ ਦੇ ਸੱਦੇ ਨੂੰ ਹਮਾਇਤ ਦੇਣਾ ਬਣਿਆ ਹੈ,

ਜਦਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਖ਼ੁਦ ਕਿਹਾ ਸੀ ਕਿ ਹਾਲੇ ਅਸਤੀਫ਼ਾ ਦੇਣ ਦਾ ਕੋਈ ਵਿਚਾਰ ਨਹੀਂ ਹੈ ਪਰ ਜਿਵੇਂ ਹੀ ਉਨ੍ਹਾਂ ਪੰਜਾਬ ਬੰਦ ਦੀ ਹਮਾਇਤ ਦਾ ਆਦੇਸ਼ ਜਾਰੀ ਕੀਤਾ, ਓਵੇਂ ਹੀ ਉਨ੍ਹਾਂ ਦੇ ਅਸਤੀਫ਼ੇ ਦੀ ਖ਼ਬਰ ਵੀ ਆ ਗਈ। ਸ੍ਰੀ ਅਕਾਲ ਤਖ਼ਤ ਸਾਹਿਬ 1618 ਵਿਚ ਹੋਂਦ ਵਿਚ ਆਇਆ ਸੀ ਅਤੇ 20ਵੀਂ ਸਦੀ ਤੋਂ ਇਹ ਸਿਆਸੀ ਆਗੂਆਂ ਦੀ ਮਰਜ਼ੀ ਅਨੁਸਾਰ ਕੰਮ ਕਰ ਰਿਹਾ ਹੈ। ਗਿਆਨੀ ਅੱਛਰ ਸਿੰਘ ਅਤੇ ਗਿਆਨੀ ਭੁਪਿੰਦਰ ਸਿੰਘ, ਅਕਾਲੀ ਦਲ ਵਿਚ ਸ਼ਾਮਲ ਹੋ ਕੇ ਰਾਜਨੀਤੀ ਵਿਚ ਚਲੇ ਗਏ ਸਨ। ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਉਸ ਸਮੇਂ ਅਸਤੀਫ਼ਾ ਦੇਣ ਲਈ ਆਖ ਦਿਤਾ ਗਿਆ ਸੀ

ਜਦ ਉਹ ਗੁਸਲਖ਼ਾਨੇ ਵਿਚ ਨਹਾਉਣ ਲਈ ਚਲੇ ਗਏ ਸਨ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਇਸ਼ਨਾਨ ਬਾਅਦ ਵਿਚ ਕਰ ਲੈਣ ਪਹਿਲਾਂ ਬਾਹਰ ਆ ਕੇ ਅਸਤੀਫ਼ਾ ਲਿਖ ਦੇਣ। ਇਥੇ ਹੀ ਬਸ ਨਹੀਂ, ਆਪੇ ਬਣੇ ਜਥੇਦਾਰ ਜਸਬੀਰ ਸਿੰਘ ਰੋਡੇ ਨੂੰ ਬਲੈਕ ਥੰਡਰ ਵਿਚ ਸ਼ੱਕੀ ਨਿਭਾਉਣ ਦੇ ਦੋਸ਼ ਲਗਾ ਕੇ ਘਰ ਭੇਜ ਦਿਤਾ ਗਿਆ ਸੀ। ਇਸੇ ਤਰ੍ਹਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਦਾ ਗੁੱਸਾ ਸਹੇੜਨ ਕਾਰਨ ਅਹੁਦਾ ਛੱਡਣਾ ਪਿਆ ਸੀ। ਦਰਅਸਲ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਜਲੰਧਰ ਤੋਂ ਛਪਦੀ ਇਕ ਅਖ਼ਬਾਰ ਦੇ ਸੰਪਾਦਕ ਨੂੰ ਤਲਬ ਕਰ ਕੇ ਨਵੀਂ ਬਿਪਤਾ ਸਹੇੜ ਲਈ ਸੀ।

ਇਸ ਤੋਂ ਪਹਿਲਾਂ ਕਿ ਤਲਬੀ ਦੇ ਹੁਕਮਾਂ 'ਤੇ ਅਮਲ ਹੁੰਦਾ। ਉਨ੍ਹਾਂ ਦੀ ਜਥੇਦਾਰੀ ਜਾ ਚੁੱਕੀ ਸੀ। ਗਿਆਨੀ ਪੂਰਨ ਸਿੰਘ ਨਾਲ ਵੀ ਇਹੀ ਕੁੱਝ ਹੋਇਆ। ਉਨ੍ਹਾਂ ਦੀ ਉਸ ਵੇਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਖੜਕ ਗਈ ਸੀ। ਜਿਸ ਦਾ ਉਨ੍ਹਾਂ ਨੂੰ ਵੱਡਾ ਮੁੱਲ ਉਤਾਰਨਾ ਪਿਆ ਸੀ, ਵਜ੍ਹਾ ਬਣਿਆ ਸੀ ਨਾਨਕਸ਼ਾਹੀ ਕੈਲੰਡਰ। ਬੇਆਬਰੂ ਹੋ ਕੇ ਨਿਕਲਣ ਵਾਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਿਚ ਅਗਲਾ ਨਾਮ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਆਉਂਦੈ, ਜਿਨ੍ਹਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚਲੇ ਕੁੱਝ ਅੰਗ ਘਰ ਲਿਜਾ ਕੇ ਅਗਨੀ ਭੇਂਟ ਕਰਨ ਦਾ ਦੋਸ਼ ਲੱਗਿਆ, 

ਇਨ੍ਹਾਂ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੂੰ 2008 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਗਾਇਆ ਗਿਆ ਸੀ। ਉਹ ਸਵਾ ਦਸ ਸਾਲ ਦੇ ਕਰੀਬ ਇਸ ਅਹੁਦੇ 'ਤੇ ਬਣੇ ਰਹੇ। ਉਨ੍ਹਾਂ ਨੇ ਭਾਵੇਂ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸੌਦਾ ਸਾਧ ਨੂੰ ਮੁਆਫ਼ ਕਰਨ ਬਾਰੇ ਸੰਗਤ ਦੇ ਗੁੱਸੇ ਦੀ ਵੀ ਪ੍ਰਵਾਹ ਨਹੀਂ ਕੀਤੀ ਪਰ ਹੁਣ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਹਿਲੀ ਨਵੰਬਰ ਨੂੰ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਵਾਲਾ ਉਨ੍ਹਾਂ ਨੂੰ ਲੈ ਬੈਠਿਆ।

ਜਿਹੜਾ ਅਕਾਲੀ ਦਲ ਦੇ ਸੁਪਰੀਮੋ ਨੂੰ ਹਜ਼ਮ ਨਹੀਂ ਹੋ ਸਕਿਆ ਅਤੇ ਜਥੇਦਾਰ ਨੂੰ ਬਾਹਰ ਦਾ ਰਸਤਾ ਦਿਖਾ ਦਿਤਾ ਗਿਆ। ਭਾਵੇਂ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਾਰਜਕਾਰਨੀ ਦੀ 13 ਨਵੰਬਰ ਨੂੰ ਹੋਣ ਵਾਲੀ ਚੋਣ ਤੋਂ ਬਾਅਦ ਹੀ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾਵੇਗੀ ਪਰ ਪਤਾ ਨਹੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਇਸ ਤਰ੍ਹਾਂ ਬੇਆਬਰੂ ਕਰਕੇ ਕੱਢਣ ਦਾ ਸਿਲਸਿਲਾ ਕਦੋਂ ਰੁਕੇਗਾ?