ਮੁਹਾਲੀ ਆਰਪੀਜੀ ਅਟੈਕ ਮਾਮਲਾ: ਰਾਜਸਥਾਨ ਤੋਂ ਗ੍ਰਿਫ਼ਤਾਰ ਤੌਫੀਕ ਨੂੰ 5 ਦਿਨ ਦੇ ਰਿਮਾਂਡ ’ਤੇ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਤੌਫੀਕ ਨਾਂ ਦੇ ਵਿਅਕਤੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ।

One More Arrested in Mohali RPG Attack

 

ਚੰਡੀਗੜ੍ਹ: ਮੁਹਾਲੀ ਆਰਪੀਜੀ ਹਮਲੇ ਦੇ ਮਾਮਲੇ 'ਚ ਪੁਲਿਸ ਹੱਥ ਇਕ ਹੋਰ ਸਫਲਤਾ ਲੱਗੀ ਹੈ। ਇਸ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰੀ ਹੋਈ ਹੈ। ਜਾਣਕਾਰੀ ਮੁਤਾਬਕ ਮੁੱਖ ਦੋਸ਼ੀ ਚੜ੍ਹਤ ਸਿੰਘ ਨੂੰ ਪਨਾਹ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਤੌਫੀਕ ਨਾਂ ਦੇ ਵਿਅਕਤੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ।

ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਸ਼ਨੀਵਾਰ ਨੂੰ ਦੋਸ਼ੀ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ। ਪੁਲਿਸ ਨੇ ਮੁਲਜ਼ਮ ਦਾ ਰਿਮਾਂਡ ਲੈਣ ਲਈ ਅਦਾਲਤ ਵਿਚ ਕਈ ਦਲੀਲਾਂ ਦਿੱਤੀਆਂ। ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ।

ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਆਰਪੀਜੀ ਹਮਲੇ ਦੇ ਮੁੱਖ ਦੋਸ਼ੀ ਚੜ੍ਹਤ ਸਿੰਘ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਮੁਤਾਬਕ ਜਦੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਰਾਜਸਥਾਨ ਸਮੇਤ ਕਈ ਸੂਬਿਆਂ ਤੋਂ ਹੋ ਕੇ ਮੁੰਬਈ ਪਹੁੰਚਿਆ ਸੀ।

ਰਾਜਸਥਾਨ ਵਿਚ ਉਸ ਨੂੰ ਇਕ ਵਿਅਕਤੀ ਨੇ ਪਨਾਹ ਦਿੱਤੀ ਸੀ ਤਾਂ ਜੋ ਉਹ ਲੰਬੇ ਸਮੇਂ ਤੱਕ ਆਸਾਨੀ ਨਾਲ ਰਹਿ ਸਕੇ। ਜਿਵੇਂ ਹੀ ਉਸ ਨੇ ਮੁਲਜ਼ਮ ਦਾ ਨਾਂ ਲਿਆ। ਇਸ ਤੋਂ ਬਾਅਦ ਪੁਲਿਸ ਟੀਮ ਰਾਜਸਥਾਨ ਪਹੁੰਚ ਗਈ। ਇਸ ਤੋਂ ਪਹਿਲਾਂ ਚੜ੍ਹਤ ਸਿੰਘ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਪਾਕਿਸਤਾਨ ਤੋਂ ਦਰਾਮਦ ਕੀਤੇ ਹਥਿਆਰ ਅਤੇ ਹੋਰ ਸਾਮਾਨ ਦੀ ਵੱਡੀ ਖੇਪ ਬਰਾਮਦ ਕੀਤੀ ਸੀ।