'ਆਪ' ਨੇ ਅਧਿਆਪਕ ਜਥੇਬੰਦੀਆਂ ਦੇ 2 ਦਸੰਬਰ ਨੂੰ ਪਟਿਆਲਾ ਸੰਘਰਸ਼ ਦੇ ਸੱਦੇ ਦਾ ਸਮਰਥਨ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਲੈ ਕੇ ਪਟਿਆਲਾ ਵਿਖੇ ਧਰਨੇ ਤੇ ਬੈਠੇ ਅਧਿਆਪਕਾਂ ਵੱਲੋਂ 2 ਦਸੰਬਰ ਨੂੰ ਪਟਿਆਲਾ ਸੰਘਰਸ਼....

Teacher's Union

ਚੰਡੀਗੜ੍ਹ (ਸ.ਸ.ਸ) : ਆਮ ਆਦਮੀ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਲੈ ਕੇ ਪਟਿਆਲਾ ਵਿਖੇ ਧਰਨੇ ਤੇ ਬੈਠੇ ਅਧਿਆਪਕਾਂ ਵੱਲੋਂ 2 ਦਸੰਬਰ ਨੂੰ ਪਟਿਆਲਾ ਸੰਘਰਸ਼ ਕਰਨ ਦੇ ਸੱਦੇ ਦਾ ਸਮਰਥਨ ਕੀਤਾ ਹੈ। ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਮੁੱਖ ਬੁਲਾਰੇ ਵਿਧਾਇਕ ਪ੍ਰੋ. ਬਲਜਿੰਦਰ ਕੋਰ ਨੇ ਕਿਹਾ ਕਿ ਬੋਲੀ ਸਰਕਾਰ ਦੇ ਕੰਨਾਂ ਤੱਕ ਅਧਿਆਪਕਾਂ ਦੀ ਆਵਾਜ਼ ਪਹੁੰਚਾਉਣ ਲਈ ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ।

ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਪਿਛਲੇ ਕਈ ਮਹੀਨਿਆਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਖੇ ਹੀ ਧਰਨੇ ‘ਤੇ ਬੈਠੇ ਹਨ ਪਰੰਤੂ ਸਰਕਾਰ ਲਗਾਤਾਰ ਉਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਉਨਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਥਾਂ ਕੈਪਟਨ ਸਰਕਾਰ ਉਨਾਂ ਨੂੰ ਧਮਕਾ ਰਹੀ ਹੈ, ਜੋ ਕਿ ਗ਼ਲਤ ਕਾਰਵਾਈ ਹੈ। ਉਨਾਂ ਕਿਹਾ ਕਿ ਦੇਸ਼ ਦਾ ਭਵਿੱਖ ਨਿਰਧਾਰਿਤ ਕਰਨ ਵਾਲੇ ਅਧਿਆਪਕਾਂ ਨਾਲ ਸਰਕਾਰ ਦਾ ਇਹ ਸਲੂਕ ਨਿੰਦਣਯੋਗ ਹੈ। ਉਨਾਂ ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਜਬਰੀ ਬਦਲੀਆਂ ਦੂਰ-ਦੁਰਾਡੇ ਖੇਤਰਾਂ ਵਿਚ ਕਰਨ ਦਾ ਵੀ ਵਿਰੋਧ ਕੀਤਾ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾਉਣ ਦਾ ਫ਼ੈਸਲਾ ਅਤਿ ਮੰਦਭਾਗਾ ਹੈ ਅਤੇ ਸਰਕਾਰ ਨੂੰ ਇਹ ਵਾਪਸ ਲੈਣਾ ਚਾਹੀਦਾ ਹੈ। ਉਨਾਂ ਮੰਗ ਕੀਤੀ ਕਿ ਪਰਖ ਸਮਾਂ ਸੰਪੂਰਨ ਕਰ ਚੁੱਕੇ ਅਧਿਆਪਕਾਂ ਨੂੰ ਤੁਰੰਤ ਪੱਕਾ ਕੀਤਾ ਜਾਣਾ ਚਾਹੀਦਾ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਦੁਆਰਾ ਜੇਬੀਟੀ ਦੇ ਕੋਰਸ ਦਾ ਸਮਾਂ ਤਿੰਨ ਸਾਲ ਕੀਤਾ ਜਾਣਾ ਵੀ ਨੌਜਵਾਨਾਂ ਨਾਲ ਸ਼ਰੇਆਮ ਧੱਕਾ ਹੈ। ਉਨਾਂ ਕਿਹਾ ਕਿ ਸਰਕਾਰ ਇਸ ਰਾਹੀਂ ਜੇਬੀਟੀ ਵਿਦਿਆਰਥੀਆਂ ਤੋਂ ਟੀਚਿੰਗ ਪ੍ਰੈਕਟਿਸ ਦੇ ਨਾਮ ‘ਤੇ ਮੁਫ਼ਤ ਕੰਮ ਕਰਵਾਉਣਾ ਚਾਹੁੰਦੀ ਹੈ।

ਸਰਕਾਰ ਤੋਂ ਮੰਗ ਕਰਦਿਆਂ ਉਨਾਂ ਕਿਹਾ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦ ਮੰਨ ਕੇ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਤੋਂ ਬਚਾਵੇ। ਅਧਿਆਪਕ ਜਥੇਬੰਦੀਆਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।