ਸ਼ਰਾਬ ਤਸਕਰਾਂ 'ਤੇ ਮਾਰੇ ਛਾਪੇ ਦੌਰਾਨ ਹੋਈ ਮੁੱਠਭੇੜ ‘ਚ ਦੋ ਪੁਲਿਸ ਕਰਮਚਾਰੀ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਵਿਚ ਦੋ ਪੁਲਿਸ ਵਾਲੇ ਉਸ ਸਮੇਂ ਜਖ਼ਮੀ ਹੋ ਗਏ, ਜਦੋਂ ਪਿੰਡ ਗੱਟੀ ਅਤੇ ਚੱਕ ਤਾਰੇਵਾਲਾ ਵਿਚ ਸ਼ਰਾਬ ਤਸਕਰਾਂ ਨੇ ਪੁਲਿਸ ਦੀ...

liquor smugglers...

ਮੋਗਾ (ਸਸਸ) : ਮੋਗਾ ਵਿਚ ਦੋ ਪੁਲਿਸ ਵਾਲੇ ਉਸ ਸਮੇਂ ਜਖ਼ਮੀ ਹੋ ਗਏ, ਜਦੋਂ ਪਿੰਡ ਗੱਟੀ ਅਤੇ ਚੱਕ ਤਾਰੇਵਾਲਾ ਵਿਚ ਸ਼ਰਾਬ ਤਸਕਰਾਂ ਨੇ ਪੁਲਿਸ ਦੀ ਟੀਮ ‘ਤੇ ਹਮਲਾ ਕਰ ਦਿਤਾ। ਦਰਅਸਲ ਜਲੰਧਰ ਅਤੇ ਮੋਗਾ ਜ਼ਿਲ੍ਹਿਆਂ ਦੀ ਪੁਲਿਸ ਟੀਮ ਨੇ ਮਿਲ ਕੇ ਛਾਪਾ ਮਾਰਿਆ ਸੀ। ਇਥੇ ਸਤਲੁਜ ਦਰਿਆ ਦੇ ਕੰਡੇ ਤਰਪੈਲ ਪਾ ਕੇ ਦੇਸੀ ਸ਼ਰਾਬ ਕੱਢੀ ਜਾ ਰਹੀ ਸੀ। ਪੁਲਿਸ ਦੇ ਆਉਣ ਦਾ ਸ਼ੱਕ ਹੋਣ ‘ਤੇ ਤਸਕਰਾਂ ਨੇ ਘਾਤ ਲਗਾ ਕੇ ਪੁਲਿਸ ਟੀਮ ‘ਤੇ ਲਾਠੀਆਂ-ਡੰਡਿਆਂ ਨਾਲ ਹਮਲਾ ਕਰ ਦਿਤਾ।

ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਥੇ ਚੱਲਦੀ ਭੱਠੀ ਫੜੀ।  ਪੁਲਿਸ ਨੇ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਨੂੰ ਨਸ਼ਟ ਕਰ ਦਿਤ, ਉਥੇ ਹੀ 155 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਆਬਕਾਰੀ ਵਿਭਾਗ ਦੇ ਏਐਸਆਈ ਤਾਰਾ ਸਿੰਘ ਦੇ ਮੁਤਾਬਕ ਮੰਗਲਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਲਕਾ ਧਰਮਕੋਟ ਵਿਚ ਪੈਂਦੇ ਪਿੰਡ ਗੱਟੀ ਜਟਾਂ ਅਤੇ ਚੱਕ ਤਾਰੇ ਵਾਲਾ ਗ਼ੈਰਕਾਨੂੰਨੀ ਢੰਗ ਨਾਲ ਭੱਠੀ ਲਗਾ ਕੇ ਸ਼ਰਾਬ ਕੱਢ ਰਹੇ ਹਨ।

ਮੋਗਾ ਅਤੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਦੀ ਆਬਕਾਰੀ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਦੇ ਮੁਲਾਜ਼ਮਾਂ ਵਲੋਂ ਜੁਆਇੰਟ ਰੇਡ ਕੀਤੀ ਗਈ। ਇਸ ਦੌਰਾਨ ਸ਼ਰਾਬ ਤਸਕਰਾਂ ਨੇ ਟੀਮ ‘ਤੇ ਲਾਠੀਆਂ ਨਾਲ ਹਮਲਾ ਕਰ ਦਿਤਾ। ਇਸ ਹਮਲੇ ਵਿਚ ਉਹ ਅਤੇ ਉਸ ਦੇ ਨਾਲ ਗਏ ਹਵਲਦਾਰ ਸ਼ਾਮ ਸੁੰਦਰ ਮਾਮੂਲੀ ਰੂਪ ਤੋਂ ਜ਼ਖ਼ਮੀ ਹੋ ਗਏ। ਇੰਨਾ ਹੀ ਨਹੀਂ ਉਹ (ਤਾਰਾ ਸਿੰਘ) ਹਮਲੇ ਵਿਚ ਬਚਣ ਲਈ ਹੇਠਾਂ ਬੈਠਣ ਲੱਗਾ ਤਾਂ ਉਸ ਦੇ ਪੈਰ ਵਿਚ ਮੋਚ ਆ ਗਈ।

ਇਸ ਦੇ ਚਲਦੇ ਪੁਲਿਸ ਪਾਰਟੀ ਨੂੰ ਹਵਾਈ ਫਾਇਰਿੰਗ ਕਰਨੀ ਪਈ। ਫਾਇਰਿੰਗ ਦੇ ਦੌਰਾਨ ਸ਼ਰਾਬ ਤਸਕਰ ਮੌਕਾ ਵੇਖ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਦੇ ਮੁਲਾਜ਼ਮਾਂ ਨੇ ਗ਼ੈਰਕਾਨੂੰਨੀ ਢੰਗ ਨਾਲ ਕੱਢੀ ਜਾ ਰਹੀ ਹਜ਼ਾਰਾਂ ਲੀਟਰ ਕੱਚੀ ਦੇਸੀ ਸ਼ਰਾਬ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿਤਾ। ਇਸ ਤੋਂ ਬਾਅਦ ਪਿੰਡ ਚੱਕ ਤਾਰੇ ਵਾਲਾ ਵਿਚ ਜਾਣ ‘ਤੇ ਉਥੋਂ ਲਗਭੱਗ 150 ਬੋਤਲ ਦੇਸੀ ਸ਼ਰਾਬ ਬਰਾਮਦ ਹੋਈ, ਜਦੋਂ ਕਿ ਦੋਸ਼ੀ ਮੌਕਾ ਵੇਖ ਕੇ ਫ਼ਰਾਰ ਹੋ ਗਏ।

ਰੇਡ ਟੀਮ ਵਿਚ ਸ਼ਾਹਕੋਟ ਤੋਂ ਪੁਲਿਸ ਅਧਿਕਾਰੀ ਕਿਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਵੀ ਨਾਲ ਸੀ। ਰੇਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਥਾਣਾ ਧਰਮਕੋਟ ਪਹੁੰਚ ਕੇ ਐਸਐਚਓ ਜੋਗਿੰਦਰ ਸਿੰਘ ਨੂੰ ਲਿਖਤੀ ਸ਼ਿਕਾਇਤ ਦਿਤੀ ਅਤੇ ਉਨ੍ਹਾਂ ‘ਤੇ ਰੇਡ ਦੇ ਦੌਰਾਨ ਹੋਏ ਹਮਲੇ ਅਤੇ ਅਪਣੀ ਜਾਨ ਬਚਾਉਣ ਲਈ ਚਲਾਈ ਬਚਾਅ ਵਿਚ ਗੋਲੀ ਸਬੰਧੀ ਜਾਣਕਾਰੀ ਦਿਤੀ। 

ਥਾਣਾ ਧਰਮਕੋਟ ਦੇ ਐਸਐਚਓ ਜੋਗਿੰਦਰ ਸਿੰਘ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਉਨ੍ਹਾਂ ਦੇ ਕੋਲ ਆ ਗਈ ਹੈ ਪਰ ਹਮਲੇ ਦਾ ਮਾਮਲਾ ਸ਼ਾਹਕੋਟ ਥਾਣਾ ਵਿਚ ਪੈਂਦਾ ਹੈ। ਕਿਸ਼ਨਪੁਰਾ ਚੌਕੀ ਦੇ ਏਐਸਆਈ ਜਸਵੰਤ ਸਿੰਘ ਦੀ ਡਿਊਟੀ ਲਗਾ ਦਿਤੀ ਗਈ ਹੈ। ਰਿਪੋਰਟ ਤਿਆਰ ਕਰਕੇ ਥਾਣਾ ਸ਼ਾਹਕੋਟ ਥਾਣੇ ਨੂੰ ਭੇਜ ਦਿਤੀ ਜਾਵੇਗੀ।

Related Stories