ਖ਼ਾਲਸਾ ਦੀਵਾਨ ਅਧੀਨ ਸੰਸਥਾਵਾਂ 'ਚ ਬੱਚਿਆਂ ਨੂੰ ਅੰਮ੍ਰਿਤ ਛਕਣ ਲਈ ਕਹਿਣਾ ਵੀ 'ਫ਼ਿਰਕੂ' ਕਾਰਵਾਈ ਹੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਵਿਚ 'ਨਵੇਂ ਪੁਰਾਣੇ ਪ੍ਰਬੰਧਕਾਂ ਦਾ ਭੇੜ ਗ਼ਲਤ ਰੰਗਤ ਦੇਣ ਵਲ ਮੁੜਿਆ

Amrit Sanchar

ਬਠਿੰਡਾ (ਸੁਖਜਿੰਦਰ ਮਾਨ): ਸ਼ਹਿਰ ਦੀ ਇਤਿਹਾਸਕ ਸਿੱਖ ਸੰਸਥਾ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਅਧੀਨ ਚਲ ਰਹੀਆਂ ਸਿੱਖਿਆ ਸੰਸਥਾਵਾਂ ਵਿਚ ਗੈਰ-ਸਿੱਖ ਵਰਗ ਨਾਲ ਕਥਿਤ ਤੌਰ 'ਤੇ ਧਾਰਮਿਕ ਭੇਦ-ਭਾਵ ਦਾ ਮੁੱਦਾ  ਮੁੜ ਗਰਮਾ ਗਿਆ ਹੈ। ਇਸ ਮਾਮਲੇ ਦੀ ਪੜਤਾਲ ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਕੀਤੀ ਜਾ ਰਹੀ ਹੈ। ਚਰਚਾ ਮੁਤਾਬਕ ਇਸ ਸੰਸਥਾ ਦੀ ਅਹੁਦੇਦਾਰੀਆਂ ਨੂੰ ਲੈ ਕੇ ਚੱਲਣ ਵਾਲੀ ਸਿਆਸੀ ਜੰਗ ਹੁਣ ਧਾਰਮਕ ਮੁੱਦਿਆਂ ਤੋਂ ਹੁੰਦੀ ਹੋਈ ਸੰਸਥਾ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਕਬਜ਼ੇ ਤਕ ਅੱਪੜ ਗਈ ਹੈ।

ਮੌਜੂਦਾ ਕਮੇਟੀ ਉਤੇ ਇਲਜ਼ਾਮ ਲਗਾਏ ਗਏ ਸਨ ਕਿ ਬੱਚਿਆਂ ਨੂੰ ਅੰਮ੍ਰਿਤ ਛਕਣ ਲਈ ਕਹਿੰਦੀ ਹੈ ਤੇ ਹਿੰਦੂ ਸਟਾਫ਼ ਲਈ ਪ੍ਰੇਸ਼ਾਨੀ ਪੈਦਾ ਕਰਦੀ ਰਹਿੰਦੀ ਹੈ ਅਤੇ ਹਿੰਦੂ ਸਟਾਫ਼ ਨੂੰ ਕੱਢ ਵੀ ਰਹੀ ਹੈ। ਜਵਾਬ ਵਿਚ ਨਵੀਂ ਕਮੇਟੀ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਇਕ ਸੰਸਥਾ ਅਗਰ ਬੱਚਿਆਂ ਨੂੰ ਅੰਮ੍ਰਿਤ ਛਕਣ ਲਈ ਕਹਿੰਦੀ ਹੈ ਤਾਂ ਇਸ ਵਿਚ ਖ਼ਰਾਬੀ ਕੀ ਹੈ?

ਨਵੀਂ ਕਮੇਟੀ ਦਾ ਦੋਸ਼ ਸੀ ਕਿ ਪੁਰਾਣੀ ਕਮੇਟੀ ਵਾਲੇ ਸਾਰੀ ਸ਼ਰਾਰਤ ਕਰ ਰਹੇ ਹਨ ਵਰਨਾ ਕਿਸੇ ਗ਼ੈਰ-ਸਿੱਖ ਨੂੰ ਕੋਈ ਸ਼ਿਕਾਇਤ ਨਹੀਂ ਤੇ ਕਿਸੇ ਹਿੰਦੂ ਨੇ ਸ਼ਿਕਾਇਤ ਉਤੇ ਦਸਤਖ਼ਤ ਹੀ ਨਹੀਂ ਕੀਤੇ। ਨਵੇਂ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਹ ਹਰ ਦੋਸ਼ ਦਾ ਲਿਖਤੀ ਉਤਰ ਡੀ.ਸੀ. ਨੂੰ ਭੇਜਣਗੇ। ਸੰਸਥਾ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਵੀ ਕਾਲਜ 'ਚੋਂ ਨਿਕਲੇ ਹਿੰਦੂ ਸਟਾਫ਼ ਦੇ ਹੱਕ ਵਿਚ ਖੁੱਲ੍ਹ ਕੇ ਨਿੱਤਰ ਆਏ ਹਨ।

 ਕਾਲਜ ਦੀ ਸਾਬਕਾ ਪ੍ਰਿੰਸੀਪਲ ਸ਼ੈਲਜਾ ਮੋਂਗਾ, ਨਾਨ ਟੀਚਿੰਗ ਸਟਾਫ਼ ਨਾਲ ਸਬੰਧਤ ਬਲਜਿੰਦਰ ਸ਼ਰਮਾ ਆਦਿ ਨੇ ਮੌਜੂਦਾ ਕਮੇਟੀ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ। ਇਸ ਮੌਕੇ ਮੌਜੂਦ ਕਾਲਜ ਵਿਚੋਂ ਅਸਤੀਫਾ ਦੇਣ ਵਾਲੀਆਂ ਦੋ ਸਿੱਖ ਧਰਮ ਨਾਲ ਸਬੰਧਤ ਅਧਿਆਪਕਾਵਾਂ ਨੇ ਵੀ ਸਾਬਕਾ ਪ੍ਰਿੰਸੀਪਲ ਦੇ ਹੱਕ ਵਿਚ ਹਾਮੀ ਭਰੀ।

ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਸਿੱਖ ਧਰਮ ਨੂੰ ਹੀ ਪ੍ਰਫੁੱਲਤ ਕਰਨ ਲਈ ਹੋਂਦ ਵਿਚ ਆਏ ਖ਼ਾਲਸਾ ਦੀਵਾਨ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਵਿਚ ਅੱਧੇ ਤੋਂ ਵੱਧ ਗ਼ੈਰ-ਸਿੱਖ ਧਰਮ ਨਾਲ ਸਬੰਧਤ ਬੱਚੇ ਪੜ੍ਹਾਈ ਕਰ ਰਹੇ ਹਨ। ਸਿੱਖ ਹਲਕੇ ਪ੍ਰੇਸ਼ਾਨ ਹਨ ਕਿ ਇਕ ਸਿੱਖ ਸੰਸਥਾ ਉਤੇ ਅਪਣੇ ਧਰਮ ਉਤੇ ਪ੍ਰਪੱਕ ਰਹਿਣ ਵਿਰੁਧ ਜਿਸ ਤਰ੍ਹਾਂ ਦੇ ਦੋਸ਼ ਲਾ ਕੇ ਮਾਮਲੇ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਨੂੰ ਕੋਈ ਸਿੱਖ ਠੀਕ ਨਹੀਂ ਕਰੇਗਾ ਤੇ ਇਸ ਨੂੰ ਅੰਦਰ ਬਹਿ ਕੇ ਹੱਲ ਕਰਨ ਵਿਚ ਹੀ ਸੱਭ ਦੀ ਭਲਾਈ ਹੋਵੇਗੀ।