ਨਾਗਰਿਕਤਾ ਸੋਧ ਐਕਟ ਦਾ ਮੁਕੰਮਲ ਸਰੂਪ ਸਿੱਖ ਵਿਰੋਧੀ ਕਿਵੇਂ ਹੋਇਆ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਪੁਛਿਆ

Photo

-ਮੇਰੀ ਕੁਰਸੀ ਤਾਂ ਸੁਰੱਖਿਅਤ ਹੈ ਪਰ ਸੁਖਬੀਰ ਐਨ.ਡੀ.ਏ. ਦਾ ਲੜ ਨਾ ਛੱਡ ਕੇ ਅਪਣੀ ਪਤਨੀ ਦੀ ਕੁਰਸੀ ਬਚਾਉਣ ਲਈ ਹੱਥ-ਪੈਰ ਮਾਰ ਰਿਹੈ
-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹਿਟਲਰ ਦੀ ਸਵੈ-ਜੀਵਨੀ 'ਮਾਈਨ ਕੈਂਫ਼' ਭੇਜੀ, ਕਿਤਾਬ ਪੜ੍ਹ ਕੇ ਇਤਿਹਾਸ ਤੋਂ ਸਿੱਖਣ ਲਈ ਆਖਿਆ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੀ.ਏ.ਏ. 'ਤੇ ਲਏ ਸਟੈਂਡ ਦੀ ਉਨ੍ਹਾਂ ਵਲੋਂ ਕੀਤੀ ਅਲੋਚਨਾ ਨੂੰ ਸੁਖਬੀਰ ਬਾਦਲ ਦੁਆਰਾ 'ਸਿੱਖ ਵਿਰੋਧੀ' ਦਸਣ ਦੇ ਤਰਕ 'ਤੇ ਸੁਆਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸ ਬਾਰੇ ਸਮਝ ਬਣਾਉਣ ਲਈ ਅਡੋਲਫ ਹਿਟਲਰ ਦੀ ਸਵੈ-ਜੀਵਨੀ 'ਮਾਈਨ ਕੈਂਫ਼' ਦੀ ਕਾਪੀ ਭੇਜੀ ਹੈ।

ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਣ ਦੀ ਨਸੀਹਤ ਦਿਤੀ ਤਾਂ ਕਿ ਉਸ ਨੂੰ ਕੇਂਦਰ ਸਰਕਾਰ ਜਿਸ ਵਿਚ ਅਕਾਲੀ ਵੀ ਭਾਈਵਾਲ ਹਨ, ਵਲੋਂ ਪਾਸ ਕੀਤੇ ਗ਼ੈਰ-ਸੰਵਿਧਾਨਕ ਕਾਨੂੰਨ ਦੇ ਖ਼ਤਰਨਾਕ ਸਿੱਟਿਆਂ ਬਾਰੇ ਸਮਝ ਆ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਹਿਟਲਰ ਦੇ ਏਜੰਡੇ ਨੂੰ ਲਾਗੂ ਕਰਨ ਲਈ ਕੇਂਦਰ ਦੀਆਂ ਤਾਜ਼ਾ ਕੋਸ਼ਿਸ਼ਾਂ ਦੇ ਸੰਦਰਭ ਵਿਚ ਇਹ ਹੋਰ ਵੀ ਮੱਹਤਵਪੂਰਨ ਹੋ ਜਾਂਦਾ ਹੈ ਕਿ ਅਕਾਲੀ ਲੀਡਰ ਸੀ.ਏ.ਏ. ਬਾਰੇ ਅਪਣਾ ਬੇਤੁੱਕਾ ਪ੍ਰਤੀਕਰਮ ਦੇਣ ਤੋਂ ਪਹਿਲਾਂ ਜਰਮਨ ਦੇ ਸਾਬਕਾ ਚਾਂਸਲਰ ਦੀ ਸਵੈ-ਜੀਵਨੀ ਪੜ੍ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਅਕਾਲੀ ਲੀਡਰਾਂ ਦੇ ਹਾਲ ਵਿਚ ਆਏ ਬਿਆਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਅਕਾਲੀਆਂ ਦੀ ਨਾਸਮਝੀ ਦਾ ਪ੍ਰਗਟਾਵਾ ਕੀਤਾ ਹੈ ਜਦਕਿ ਇਸ ਮੁੱਦੇ ਦੇ ਮੁਲਕ ਲਈ ਡੂੰਘੇ ਮਾਅਨੇ ਹਨ।