ਪਾਣੀ ਵਿਵਾਦ : ਹਰਿਆਣਾ ਅੱਗੇ ਅੜੇ, ਰਾਜਸਥਾਨ ਮੂਹਰੇ ਝੜੇ ਕੈਪਟਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਣੀ ਵਿਵਾਦ : ਹੁਣ ਹਰਿਆਣਾ 'ਚ 'ਸੋਕਾ' ਤੇ ਰਾਜਸਥਾਨ 'ਚ ਮੁਫ਼ਤੋ-ਮੁਫ਼ਤੀ 'ਡੋਬਾ'

Photo

ਰਾਜਸਥਾਨ ਤੇ ਹਰਿਆਣੇ ਨੂੰ ਪਾਣੀ ਦੇਣ ਦੇ ਮਾਮਲੇ ‘ਤੇ ਬੋਲੇ ਕੈਪਟਨ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ: ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ‘ਚ ਆਈ ਕਮੀ ਅਤੇ ਪ੍ਰਦੂਸ਼ਣ ਵਰਗੇ ਪਾਣੀ ਨਾਲ ਸਬੰਧਿਤ ਸਾਰੇ ਸੂਬਾਈ ਮਾਮਲਿਆਂ ਬਾਰੇ ਅੱਜ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸਰਬ ਪਾਰਟੀ ਦੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਦੌਰਾਨ ਐਸਵਾਈਐਲ, ਉਦਯੋਗਿਤ ਅਤੇ ਘਰੇਲੂ ਰਹਿੰਦ-ਖੂੰਹਦ ਕਾਰਨ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ‘ਚ ਆਈ ਕਮੀ ਅਤੇ ਪ੍ਰਦੂਸ਼ਣ ਵਰਗੇ ਪਾਣੀ ਨਾਲ ਸਬੰਧਿਤ ਸਾਰੇ ਸੂਬਾਈ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਰਾਜਸਥਾਨ ਤੋਂ ਪਾਣੀ ਦੇ ਬਦਲੇ ਪੈਸੇ ਨਹੀਂ ਲੈ ਸਕਦਾ। ਕਿਉਂਕਿ ਜਦੋਂ ਰਾਜਸਥਾਨ ਦੇ ਨਾਲ ਸਮਝੌਤਾ ਹੋਇਆ ਸੀ ਤਾਂ ਉਸ ਸਮੇਂ ਇਹ ਫ਼ੈਸਲਾ ਹੋਇਆ ਸੀ ਕਿ ਪਾਣੀ ਦੇ ਪੈਸੇ ਨਹੀਂ ਲਏ ਜਾਣਗੇ।

ਉਨ੍ਹਾਂ ਕਿਹਾ ਕਿ 73 ਫ਼ੀਸਦੀ ਜ਼ਮੀਨ ਦਾ ਪਾਣੀ ਹੈ ਤੇ 27 ਫ਼ੀਸਦੀ ਨਹਿਰੀ ਪਾਣੀ ਹੈ, ਉਸ ਨੂੰ ਕਿਵੇਂ ਠੀਕ ਕੀਤਾ ਜਾਵੇਗਾ ਇਸ ਸਬੰਧੀ ਚਰਚਾ ਕੀਤੀ ਗਈ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਹੈ।

ਹਰਿਆਣਾ ਨੂੰ ਪਾਣੀ ਦੇਣ ਦੇ ਮਾਮਲੇ ‘ਤੇ ਕੈਪਟਨ ਸਰਕਾਰ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਹਾਲਾਤਾਂ ‘ਚ ਤਬਦੀਲੀ ਆਉਂਦੀ ਹੈ ਅਤੇ ਹੁਣ ਸੂਬੇ ਦੇ ਹਾਲਾਤ ਅਜਿਹੇ ਨਹੀੰ ਹਨ ਕਿ ਉਹ ਹੋਰ ਸੂਬਿਆਂ ਨੂੰ ਪਾਣੀ ਪਹੁੰਚਾ ਸਕੇ। ਉਹਨਾਂ ਕਿਹਾ ਜੇਕਰ ਸਾਡੇ ਕੋਲ ਪਾਣੀ ਨਹੀਂ ਹੈ ਤਾਂ ਅਸੀਂ ਗੁਆਂਢੀਆਂ ਨੂੰ ਕਿਵੇਂ ਪਾਣੀ ਦੇ ਸਕਦੇ ਹਾਂ।

ਉਹਨਾਂ ਕਿਹਾ ਕਿ ਇਸ ਦੇ ਲਈ ਇਕ ਨਵਾਂ ਟ੍ਰਿਬਿਊਨਲ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਐਸਵਾਈਐਲ ‘ਤੇ ਵੀ ਸਰਬ ਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਇਸ ਬਾਰੇ ਕਾਂਗਰਸ ਪਾਰਟੀ ਦਾ ਇਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ।  

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਇਸ ਵਿਚ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਪਰ ਲੋਕ ਇਨਸਾਫ ਪਾਰਟੀ ਨੂੰ ਨਹੀਂ ਸੱਦਿਆ ਗਿਆ। ਇਸ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਜਿੰਨਾ ਸੰਘਰਸ਼ ਪਾਣੀ ਲਈ ਲੋਕ ਇਨਸਾਫ਼ ਪਾਰਟੀ ਨੇ ਕੀਤਾ ਉਹਨਾਂ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ ਅਤੇ ਉਹ ਸੰਘਰਸ਼ ਕਿਸੇ ਤੋਂ ਛੁਪਿਆ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪਾਣੀ ਨੂੰ ਲੈ ਕੇ ਧਰਨੇ ਵੀ ਜਾਰੀ ਰੱਖਾਂਗੇ।