ਹੁਣ 'ਡੀਜ਼ਲ' ਤੋਂ ਜ਼ਿਆਦਾ 'ਪਾਣੀ' ਨਾਲ ਦੌੜਣਗੇ ਟਰੈਕਟਰ, ਸਾਹਮਣੇ ਆਈ ਨਵੀਂ ਖੋਜ!

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਵਿਗਿਆਨੀਆਂ ਨੇ ਤਿਆਰ ਕੀਤੀ ਹੈ ਵਿਸ਼ੇਸ਼ ਕਿੱਟ

ਸੰਕੇਤਕ ਫ਼ੋਟੋ

ਲੁਧਿਆਣਾ : ਅਜੋਕੇ ਸਮੇਂ ਟਰੈਕਟਰ ਸਮੇਤ ਭਾਰੀ ਵਾਹਨ ਚਲਾਉਣ ਲਈ ਡੀਜ਼ਲ 'ਤੇ ਨਿਰਭਰਤਾ ਕਾਫ਼ੀ ਜ਼ਿਆਦਾ ਹੈ। ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਇਸ ਤੋਂ ਹੁੰਦੇ ਵਧੇਰੇ ਪ੍ਰਦੂਸ਼ਣ ਕਾਰਨ ਵਿਗਿਆਨੀ ਇਸ ਦਾ ਬਦਲ ਲੱਭਣ 'ਚ ਲੱਗੇ ਹੋਏ ਹਨ। ਹੁਣ ਵਿਗਿਆਨੀਆਂ ਵਲੋਂ ਪਾਣੀ ਦੀ ਮਦਦ ਨਾਲ ਟਰੈਕਟਰ ਚਲਾਉਣ ਦਾ ਦਾਅਵਾ ਕੀਤਾ ਗਿਆ ਹੈ।

ਵਿਗਿਆਨੀਆਂ ਨੇ ਟਰੈਕਟਰ 'ਚ ਲਾਉਣ ਲਈ ਇਕ ਅਜਿਹੀ ਕਿੱਟ ਤਿਆਰ ਕਰਨ ਦਾ ਦਾਅਵਾ ਕੀਤਾ ਹੈ ਜਿਸ ਦੀ ਮਦਦ ਨਾਲ ਡੀਜ਼ਲ ਦੇ ਨਾਲ ਨਾਲ ਪਾਣੀ ਦੀ ਵਰਤੋਂ ਕਰਦਿਆਂ ਟਰੈਕਟਰ ਨੂੰ ਵਧੇਰੇ ਕਫਾਇਤੀ ਢੰਗ ਨਾਲ ਚਲਾਇਆ ਸਕੇਗਾ। ਇਸ ਨਾਲ ਖੇਤੀ ਖ਼ਰਚਾ ਘਟਣ ਦੇ ਨਾਲ ਨਾਲ ਪ੍ਰਦੂਸ਼ਣ ਤੋਂ ਵੀ ਰਾਹਤ ਮਿਲਣ ਦੀ ਉਮੀਦ ਹੈ।

ਇਹ ਕਿੱਟ ਗੁਜਰਾਤ ਦੇ ਵਿਗਿਆਨੀ ਤੇ ਜਿਮਪੇਕਸ ਬਾਓ ਟੈਕਨਲਾਜੀ ਦੇ ਮਾਹਰ ਜੈ ਸਿੰਘ ਨੇ ਤਿਆਰ ਕੀਤੀ ਹੈ। ਇਸ ਕਿੱਟ ਨੂੰ ਸਭ ਤੋਂ ਪਹਿਲਾਂ ਪੰਜਾਬ ਅੰਦਰ ਫ਼ਰਵਰੀ ਮਹੀਨੇ ਲਾਂਚ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਕਿੱਟ ਦੀ ਮੱਦਦ ਨਾਲ 35 ਤੋਂ ਲੈ ਕੇ 90 ਹਾਰਸ ਪਾਵਰ ਤਕ ਦੇ ਟਰੈਕਟਰ ਨੂੰ ਚਲਾਇਆ ਜਾ ਸਕਦਾ ਹੈ।

ਇੰਝ ਕਰਦੀ ਹੈ ਕੰਮ ਕਿੱਟ  : ਵਿਗਿਆਨੀਆਂ ਦੇ ਦਾਅਵੇ ਅਨੁਸਾਰ ਇਹ ਕਿੱਟ ਡੀਜ਼ਲ ਇੰਜਨ ਵਿਚ ਵੱਖ ਤੋਂ ਲਾਈ ਜਾਂਦੀ ਹੈ। ਇਕ ਪਾਈਪ ਦੇ ਜ਼ਰੀਏ ਇੰਜਨ ਵਿਚ ਹਾਈਡਰੋਜਨ ਫਿਊਲ ਭੇਜਿਆ ਜਾਂਦਾ ਹੈ ਜੋ ਦੂਜੇ ਫਿਊਲ ਅਰਥਾਤ ਡੀਜ਼ਲ ਦੀ ਖ਼ਪਤ ਨੂੰ ਘਟਾਉਣ ਦੇ ਨਾਲ ਨਾਲ ਇੰਜਨ ਨੂੰ ਜ਼ਿਆਦਾ ਊਰਜਾ ਪ੍ਰਦਾਨ ਕਰਦਾ ਹੈ। ਇਸ ਨਾਲ ਇੰਜਨ ਦੀ ਕਾਰਜ ਸਮਰੱਥਾ ਵੱਧਣ ਦੇ ਨਾਲ ਨਾਲ ਤਾਕਤ 'ਚ ਵੀ ਇਜ਼ਾਫ਼ਾ ਹੁੰਦਾ ਹੈ।

ਇਹ ਕਿੱਟ ਐੱਚ 2 ਫੀਊਲ ਸੈੱਲ ਹਾਈਬ੍ਰਰਿਡ ਸਿਸਟਮ ਨਾਲ ਬਣੀ ਹੋਈ ਹੈ। ਇਹ ਟੈਕਨਾਲੋਜੀ ਕਾਫ਼ੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਹ ਤਜਰਬਾ ਸਫ਼ਲ ਹੋਣ ਦੀ ਸੂਰਤ ਵਿਚ ਆਉਂਦੇ ਸਮੇਂ 'ਚ ਕੰਪਨੀ ਵਲੋਂ ਇਸ ਦੀ ਵਰਤੋਂ ਹੋਰ ਕਈ ਸਾਰੀਆਂ ਮਸ਼ੀਨਾਂ ਵਿਚ ਕਰਨ ਦੀ ਯੋਜਨਾ ਹੈ। ਮਾਹਿਰਾਂ ਮੁਤਾਬਕ ਇਸ ਨਾਲ ਜਿੱਥੇ ਡੀਜ਼ਲ 'ਤੇ ਨਿਰਭਰਤਾ ਘੱਟ ਸਕਦੀ ਹੈ, ਉਥੇ ਖ਼ਰਚ 'ਚ ਕਮੀ ਦੇ ਨਾਲ ਨਾਲ ਪ੍ਰਦੂਸ਼ਣ ਤੋਂ ਨਿਜ਼ਾਤ ਮਿਲਣ ਦੀ ਉਮੀਦ ਹੈ।