ਲੁਧਿਆਣਾ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਕਾਰਨ ਵਧੀ ਚਿੰਤਾ, ਲਪੇਟ 'ਚ ਆਏ ਕਈ ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮਹਿਕਮੇ ਵੱਲੋਂ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ

Corona Virus

ਲੁਧਿਆਣਾ : ਮਹਾਨਗਰ ਲੁਧਿਆਣਾ ਅੰਦਰ ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਸੋਮਵਾਰ ਨੂੰ ਜ਼ਿਲ੍ਹੇ ਅੰਦਰ ਕਰੋਨਾ ਦੇ 37 ਮਾਮਲੇ ਸਾਹਮਣੇ ਆਏ ਹਨ। ਕਰੋਨਾ ਦੇ ਨਵੇਂ ਆਏ ਮਾਮਲਿਆਂ ਵਿਚ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਸ਼ਾਮਲ ਹਨ। ਖਬਰਾਂ ਮੁਤਾਬਕ ਸੋਮਵਾਰ ਨੂੰ ਕਰੋਨਾ ਦੇ ਸਾਹਮਣੇ ਆਏ 47 ਨਵੇਂ ਮਾਮਲਿਆਂ ਵਿਚੋਂ 37 ਲੁਧਿਆਣਾ ਨਾਲ ਸਬੰਧਤ ਸਨ ਅਤੇ ਬਾਕੀ 10 ਬਾਹਰਲੇ ਸੂਬਿਆਂ ਤੋਂ ਸਨ। ਬੀਤੇ ਦਿਨ ਕਰੋਨਾ ਨਾਲ ਮੌਤ ਦੇ ਮੂੰਹ ਵਿਚ ਜਾਣ ਵਾਲੇ 5 ਲੋਕਾਂ ਵਿਚੋਂ 3 ਲੁਧਿਆਣਾ ਨਾਲ ਸਬੰਧਤ ਸਨ ਅਤੇ ਇਕ-ਇਕ ਮਰੀਜ਼ ਅੰਮ੍ਰਿਤਸਰ ਅਤੇ ਜਲੰਧਰ ਤੋਂ ਸੀ।

ਇਸ ਵਾਰ ਕਰੋਨਾ ਦੀ ਲਪੇਟ ਵਿਚ ਵਿਦਿਆਰਥੀ ਵੀ ਆ ਰਹੇ ਹਨ, ਜਿਨ੍ਹਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨਾਲ ਸਬੰਧਤ ਵਿਦਿਆਰਥੀ ਸ਼ਾਮਲ ਹਨ।
ਬੀਤੇ ਦਿਨ ਇੱਥੋਂ ਦੇ ਇਕ ਨਿੱਜੀ ਸਕੂਲ ਦੇ 2 ਵਿਦਿਆਰਥੀ ਅਤੇ ਇਕ ਅਧਿਆਪਕਾ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ ਇਕ ਹੋਰ ਸਕੂਲ ਦੇ 3 ਅਧਿਆਪਕਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।

ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਕੋਵਿਡ ਨੂੰ ਲੈ ਕੇ ਮਹਿਕਮੇ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ ਮੁਤਾਬਕ ਸਿੱਖਿਆ ਮਹਿਕਮੇ ਵੱਲੋਂ ਪਹਿਲਾਂ ਹੀ ਸਾਰੇ ਸਕੂਲਾਂ 'ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜਿਸ ਸਕੂਲ 'ਚ ਕੋਰੋਨਾ ਦੇ ਮਾਮਲੇ ਆ ਰਹੇ ਹਨ, ਉੱਥੇ ਸੈਂਪਲਿੰਗ ਵਧਾਈ ਜਾ ਰਹੀ ਹੈ ਅਤੇ ਇਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ।

ਸਕੂਲਾਂ ਬੰਦ ਹੋਣਗੇ ਜਾਂ ਨਹੀਂ, ਸਬੰਧੀ ਪੁੱਛੇ ਜਾਣ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਫਿਲਹਾਲ ਸਕੂਲ ਬੰਦ ਕਰਨ ਦੀ ਕੋਈ ਹਦਾਇਤ ਨਹੀਂ ਹੈ। ਕਾਬਲੇਗੌਰ ਹੈ ਕਿ ਬੀਤੇ ਵਰ੍ਹੇ ਵੀ ਕਰੋਨਾ ਦਾ ਪ੍ਰਕੋਮ ਇੰਨੀਂ ਦਿਨੀਂ ਹੀ ਆ ਕੇ ਵਧਣਾ ਸ਼ੁਰੂ ਹੋਇਆ ਸੀ। ਕਰੋਨਾ ਕੇਸਾਂ ਵਿਚ ਹੋ ਰਿਹਾ ਵਾਧਾ ਲੋਕਾਂ ਨੂੰ ਬੀਤੇ ਵਰ੍ਹੇ ਦੇ ਦਿਨਾਂ ਦੀ ਯਾਦ ਕਰਵਾ ਰਿਹਾ ਹੈ ਜਦੋਂ ਲੌਕਡਾਊਨ ਦੌਰਾਨ ਵੱਡੀ ਗਿਣਤੀ ਲੋਕਾਂ ਨੂੰ ਘਰਾਂ ਅੰਦਰ ਬੰਦ ਹੋਣਾ ਪਿਆ ਸੀ ਅਤੇ ਲੱਖਾਂ ਮਜ਼ਦੂਰਾਂ ਦਾ ਪਿਤਰੀ ਰਾਜਾਂ ਵੱਲ ਪਲਾਨ ਸ਼ੁਰੂ ਹੋ ਗਿਆ ਸੀ।