ਪੰਜਾਬ 'ਚ ਲੋਕ ਸਭਾ ਚੋਣਾਂ : ਸੱਤਾਧਾਰੀ ਕਾਂਗਰਸ ਦੌੜ 'ਚ ਸੱਭ ਤੋਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਮਾਮਲਿਆਂ 'ਚ ਝੰਬਿਆ ਅਕਾਲੀ ਦਲ ਹੋਂਦ ਬਚਾਉਣ 'ਚ ਲੱਗਾ

Punjab Congress

ਚੰਡੀਗੜ੍ਹ : ਦੋ ਹਫ਼ਤੇ ਪਹਿਲਾਂ ਚੋਣ ਕਮਿਸ਼ਨ ਵਲੋਂ ਸਾਰੇ ਮੁਲਕ ਵਿਚ ਲੋਕ ਸਭਾ ਦੀਆਂ 543 ਸੀਟਾਂ ਵਾਸਤੇ 7 ਗੇੜਾਂ ਵਿਚ ਚੋਣਾਂ ਕਰਾਉਣ ਦੇ ਨਾਲ ਪੰਜਾਬ ਦੀਆਂ 13 ਸੀਟਾਂ 'ਤੇ ਰਾਜਧਾਨੀ ਚੰਡੀਗੜ੍ਹ ਦੀ ਇਕ ਸੀਟ 'ਤੇ ਕਾਬਜ਼ ਹੋਣ ਲਈ ਵੱਖ-ਵੱਖ ਸਿਆਸੀ ਦਲਾਂ ਨੇ ਅਪਣੀ ਰਣਨੀਤੀ ਤੈਅ ਕਰਨੀ ਸ਼ੁਰੂ ਕਰ ਦਿਤੀ ਹੈ। ਢਾਈ ਮਹੀਨੇ ਤਕ ਚਲਣ ਵਾਲੇ ਇਸ ਸਿਆਸੀ ਘਸਮਾਣ ਵਿਚ ਉਮੀਦਵਾਰਾਂ ਦੀ ਚੋਣ, ਇਕ ਦੂਜੇ ਗਰੁਪ ਨਾਲ ਸਮਝੌਤੇ, ਤਰ੍ਹਾਂ-ਤਰ੍ਹਾਂ ਦੇ ਜੋੜ ਤੋੜ, ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਦਰਜ ਕਰਨ, ਮੈਨੀਫ਼ੈਸਟੋ ਤਿਆਰ ਕਰਨ ਅਤੇ ਰਾਸ਼ਟਰੀ ਤੇ ਖੇਤਰੀ ਪੈਂਤੜੇਬਾਜ਼ੀ ਉਂਜ ਤਾਂ ਕਈ ਚਿਰ ਤੋਂ ਚਲੀ ਜਾ ਰਹੀ ਹੈ ਪਰ ਪੰਜਾਬ ਦੀਆਂ ਵੋਟਾਂ, ਆਖ਼ਰੀ ਗੇੜ ਵਿਚ ਹੋਣ ਕਰ ਕੇ ਚੋਣ ਰੈਲੀਆਂ ਦੀ ਗਰਮਾਹਟ ਤੇ ਸੇਕ ਅਜੇ ਸ਼ੁਰੂ ਨਹੀਂ ਹੋਇਆ।

ਰੋਜ਼ਾਨਾ ਸਪੋਕਸਮੈਨ ਵਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਤੋਂ ਪਤਾ ਲਗਾ ਹੈ ਕਿ ਕੁਲ 117 ਮੈਂਬਰੀ ਵਿਧਾਨ ਸਭਾ ਵਿਚ ਦੋ ਤਿਹਾਈ ਬਹੁਮਤ ਵਾਲੀ, 78 ਵਿਧਾਇਕਾਂ ਦੀ ਇਹ ਸੱਤਾਧਾਰੀ ਕਾਂਗਰਸ ਪਾਰਟੀ ਅਪਣੀ ਸਰਕਾਰ ਦੀ 2 ਸਾਲ ਦੀ ਵਧੀਆ ਕਾਰਗੁਜ਼ਾਰੀ ਨੂੰ ਲੈ ਕੇ ਪੰਜਾਬ ਦੇ ਵੋਟਰਾਂ ਕੋਲ ਜਾਵੇਗੀ। ਇਨ੍ਹਾਂ ਨੇਤਾਵਾਂ ਤੇ ਅੰਕੜਾ ਮਾਹਰਾਂ ਦਾ ਕਹਿਣਾ ਹੈ, ਭਾਵੇਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ, ਅਕਾਲੀ ਦਲ ਤੇ 'ਆਪ' ਨੂੰ ਬਰਾਬਰ 4-4 ਸੀਟਾਂ ਤੇ ਬੀਜੇਪੀ ਨੂੰ 1 ਸੀਟ ਮਿਲੀ ਸੀ ਪਰ ਮੌਜੂਦਾ ਹਾਲਾਤ, ਸੱਤਾਧਾਰੀ ਕਾਂਗਰਸ ਵਲ ਵਧ ਝੁਕਾਅ ਰੱਖਦੇ ਹਨ ਯਾਨੀ ਚੋਣ ਕਾਮਯਾਬੀ ਵਿਚ ਕਾਂਗਰਸ ਸੱਭ ਤੋਂ ਮੋਹਰੀ ਨਜ਼ਰ ਆ ਰਹੀ ਹੈ।

ਸਿਆਸੀ ਮਾਹਰ ਇਹ ਵੀ ਰਾਏ ਦਿੰਦੇ ਹਨ ਕਿ ਕਾਂਗਰਸ ਹਾਈ ਕਮਾਂਡ ਵਲੋਂ ਉਮੀਦਵਾਰਾਂ ਦਾ ਛੇਤੀ ਫ਼ੈਸਲਾ ਕਰਨਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕੇਂਦਰੀ ਨੇਤਾਵਾਂ ਦਾ ਪੰਜਾਬ ਵਿਚ ਚੋਣ ਪ੍ਰਚਾਰ ਲਈ ਲਗਾਤਾਰ ਗੇੜੇ ਮਾਰਨਾ, ਵੱਡੀਆਂ ਰੈਲੀਆਂ ਦੀ ਥਾਂ ਮਈ ਮਹੀਨੇ ਦੀ ਵਰ੍ਹਦੀ ਅੱਗ ਵਿਚ ਛੋਟੀਆਂ ਬੈਠਕਾਂ ਕਰਨਾ ਅਤੇ ਪੰਜਾਬ ਦੇ ਪੀੜਤ ਵਰਗਾਂ ਦੀ ਸਾਰ ਲੈਣਾ ਹੀ ਕਾਂਗਰਸ ਵਾਸਤੇ ਵੱਧ ਤੋਂ ਵੱਧ ਸੀਟਾਂ ਹਾਸਲ ਕਰਨ ਦਾ ਕੋਈ ਚਮਤਕਾਰ ਦਿਖਾ ਸਕਦਾ ਹੈ। ਮੌਜੂਦਾ 4 ਕਾਂਗਰਸੀ ਐਮ.ਪੀ. ਜਲੰਧਰ ਤੋਂ ਸੰਤੋਖ ਚੌਧਰੀ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਲੁਧਿਆਣਾ ਤੋਂ ਰਵਨੀਤ ਬਿੱਟੂ ਅਤੇ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਡੇਢ ਸਾਲ ਪਹਿਲਾਂ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਬਤੌਰ ਲੋਕ ਸਭਾ ਮੈਂਬਰ ਦੀ ਕਾਰਗੁਜ਼ਾਰੀ 'ਤੇ ਵੀ ਬਹੁਤ ਨਿਰਭਰ ਕਰਦਾ ਹੈ।

ਬਾਕੀ 9 ਸੀਟਾਂ ਲਈ ਖੜੇ ਕੀਤੇ ਜਾਣ ਵਾਲੇ ਧੁਨੰਦਰ ਤੇ ਸਿਰਕੱਢ ਨੇਤਾਵਾਂ, ਨਵੇਂ ਨਕੋਰ ਸਾਫ਼ ਅਕਸ ਵਾਲੇ ਨੌਜਵਾਨ ਚੋਣ ਪਿੜ ਵਿਚ ਉਤਾਰਨ ਨਾਲ ਤਾਂ ਕਾਮਯਾਬੀ ਕਾਂਗਰਸ ਵਾਸਤੇ ਪ੍ਰਾਪਤ ਕਰਨਾ ਉਂਜ ਤਾਂ ਸੌਖਾ ਦਿਸ ਰਿਹਾ ਹੈ ਪਰ ਮੁਕਾਬਲੇ ਵਿਚ ਕਿਸ ਸੀਟ 'ਤੇ ਕਿਹੜਾ ਫ਼ਾਰਮੂਲਾ ਲੱਗੇਗਾ ਇਸ ਨੁਕਤੇ 'ਤੇ ਸੋਚਣ ਦੀ ਜ਼ਰੂਰਤ ਕਾਂਗਰਸ ਦੇ ਸਲਾਹਕਾਰਾਂ ਨੂੰ ਜ਼ਰੂਰ ਕਰਨੀ ਪਵੇਗੀ। ਬੇਅਦਬੀ ਮਾਮਲਿਆਂ ਵਿਚ ਬੁਰੀ ਤਰ੍ਹਾਂ ਝੰਬਿਆ ਅਕਾਲੀ ਦਲ ਅਤੇ ਇਸ ਨਾਲੋਂ ਟੁੱਟੇ ਇਕ ਦੋ ਟਕਸਾਲੀ ਨੇਤਾ, ਜਿਨ੍ਹਾਂ ਖ਼ੁਦ ਲੋਕ ਸਭਾ ਚੋਣਾਂ ਲੜਨ ਤੋਂ ਨਾਂਹ ਕਰ ਦਿਤੀ ਏ, ਆਉਂਦੇ ਸਮੇਂ ਵਿਚ ਕਿੰਨੀ ਕੁ ਵੋਟ ਹਾਸਲ ਕਰੇਗਾ, ਇਸ ਦਾ ਅੰਦਾਜ਼ਾ ਅਕਾਲੀ ਉਮੀਦਵਾਰਾਂ ਦੀ ਲਿਸਟ ਆਉਣ 'ਤੇ ਪਤਾ ਲੱਗੇਗਾ।

ਅੱਗੋਂ ਅਪ੍ਰੈਲ-ਮਈ ਦੀ ਭਖਦੀ ਗਰਮੀ ਤੇ 45 ਡਿਗਰੀ ਸੈਲਸੀਅਸ ਦੌਰਾਨ ਕੀਤੇ ਜਾਣ ਵਾਲੇ ਚੋਣ ਪ੍ਰਚਾਰ 'ਤੇ ਵੀ ਬਹੁਤ ਕੁੱਝ ਨਿਰਭਰ ਕਰਦਾ ਹੈ। ਮੌਜੂਦਾ ਸਥਿਤੀ ਵਿਚ ਅਕਾਲੀ ਸੀਟਾਂ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਕੋਲ ਹੀ ਹੈ ਜਦੋਂ ਕਿ ਸ਼ੇਰ ਸਿੰਘ ਘੁਬਾਇਆ ਫ਼ਿਰੋਜ਼ਪੁਰ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਅਸਤੀਫ਼ੇ ਦੇ ਚੁਕੇ ਹਨ। ਇਸ ਵੱਡੇ ਨੁਕਤੇ ਕਿ ਅਪਣੇ ਹਿੱਸੇ ਦੀਆਂ 10 ਸੀਟਾਂ ਵਿਚੋਂ ਬਾਕੀ 8 'ਤੇ ਅਕਾਲੀ ਉਮੀਦਵਾਰਾਂ ਦੀ ਸਾਹਮਣੇ ਟੱਕਰ ਕਿਸ ਨਾਲ ਪੈਣੀ ਹੈ ਤੇ ਬਹੁਤ ਕੁੱਝ ਨਿਰਭਰ ਕਰਦਾ ਹੈ।

ਜਲੰਧਰ ਰਿਜ਼ਰਵ ਸੀਟ 'ਤੇ ਸਾਬਕਾ ਸਪੀਕਰ ਚਰਨਜੀਤ ਅਟਵਾਲ ਅਤੇ ਖਡੂਰ ਸਾਹਿਬ ਸੀਟ 'ਤੇ ਬੀਬੀ ਜਗੀਰ ਕੌਰ ਨੇ ਤਾਂ ਪ੍ਰਚਾਰ ਸ਼ੁਰੂ ਕਰ ਕੇ ਲੀਡ ਵੀ ਲੈ ਲਈ ਹੈ। ਪੰਥਕ ਵੋਟਰਾਂ ਦੀ ਇਸ ਖਡੂਰ ਸਾਹਿਬ ਸੀਟ 'ਤੇ ਉਮੀਦਵਾਰ ਖੜਾ ਕਰਨ ਲਈ ਕਾਂਗਰਸ ਅਜੇ ਜੱਕੋ ਤੱਕੋ ਵਿਚ ਹੈ। ਅਕਾਲੀ ਦਲ ਨਾਲ ਪਿਛਲੇ 50 ਸਾਲਾਂ ਤੋਂ ਸਾਂਝ ਪੁਗਾਉਣ ਵਾਲੀ ਬੀਜੇਪੀ ਐਤਕੀਂ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਪਟਕੀ ਮਾਰਨ ਲਈ ਕਵਿਤਾ ਖੰਨਾ ਜਾਂ ਬੇਟੇ ਅਕਸ਼ੈ ਖੰਨਾ ਨੂੰ ਮੈਦਾਨ 'ਚ ਲਿਆ ਰਹੀ ਹੈ। ਇਸੇ ਤਰ੍ਹਾ ਅੰਮ੍ਰਿਤਸਰ ਸੀਟ 'ਤੇ ਫ਼ਿਲਮੀ ਅਦਾਕਾਰਾ ਪੂਨਮ ਢਿੱਲੋਂ ਨੂੰ ਟਿਕਟ ਦੇ ਕੇ ਬੀਜੇਪੀ ਵਾਧੂ ਕਾਮਯਾਬੀ ਲੈਣ ਦੀ ਵਿਉਂਤ ਬਣਾ ਰਹੀ ਹੈ। ਬੀਜੇਪੀ ਕੋਲ ਸਿਰਫ਼ ਹੁਸ਼ਿਆਰਪੁਰ ਦੀ ਸੀਟ ਹੈ ਜਿਥੋਂ ਵਿਜੈ ਸਾਂਪਲਾ, ਮੋਦੀ ਵਜ਼ਾਰਤ ਵਿਚ ਮੰਤਰੀ ਹਨ। 

2014 ਦੀਆਂ ਲੋਕ ਸਭਾ ਚੋਣਾਂ ਵਿਚ ਤੀਜਾ ਪ੍ਰਭਾਵੀ ਗੁੱਟ 'ਆਪ' ਦੀ ਸ਼ਕਲ ਵਿਚ ਪਟਿਆਲਾ, ਸੰਗਰੂਰ, ਫ਼ਰੀਦਕੋਟ, ਫ਼ਤਿਹਗੜ੍ਹ ਦੀਆਂ 4 ਸੀਟਾਂ ਤੋਂ ਕਾਮਯਾਬ ਹੋਇਆ ਸੀ। ਹੁਣ ਇਹ ਝਾੜੂ ਤੀਲਾ ਤੀਲਾ ਹੋ ਚੁਕਾ ਹੈ। ਪਹਿਲਾਂ ਦੋ ਐਮ.ਪੀ. ਡਾ. ਗਾਂਧੀ ਤੇ ਹਰਿੰਦਰ ਖ਼ਾਲਸਾ ਨੂੰ ਅਰਵਿੰਦ ਕੇਜਰੀਵਾਲ ਨੇ ਮੁਅੱਤਲ ਕੀਤਾ, ਮਗਰੋਂ 20 ਮੈਂਬਰ 'ਆਪ' ਵਿਰੋਧੀ ਧਿਰ ਦੇ ਨੇਤਾ ਹਰਵਿੰਦਰ ਫੂਲਕਾ ਨੂੰ ਮੱਖਣ ਵਿਚੋਂ ਵਾਲ ਵਾਂਗ ਪਾਸੇ ਕੀਤਾ, ਫਿਰ ਸੁਖਪਾਲ ਖਹਿਰਾ ਨੂੰ ਰਸਤਾ ਦਿਖਾਇਆ ਅਤੇ ਹੁਣ 20 ਵਿਧਾਇਕਾਂ 'ਚ ਵੀ 3 ਗਰੁਪ ਬਣ ਗਏ ਹਨ।

ਇਸ ਖੇਰੂੰ ਖੇਰੂੰ ਹੋਈ 'ਆਪ' ਅਤੇ ਟਕਸਾਲੀ ਬਜ਼ੁਰਗ ਅਕਾਲੀ ਨੇਤਾ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਡੈਮੋਕਰੇਟਿਕ ਅਲਾਇੰਸ ਅਤੇ ਸੱਤਾਧਾਰੀ ਕਾਂਗਰਸ ਵਲੋਂ ਵਰਤ ਕੇ ਸੁੱਟੇ ਬਰਗਾੜੀ ਬਹਿਬਲ ਕਲਾਂ ਮੋਰਚੇ ਦੇ ਸਿੱਖ ਸੂਰਮੇ ਸ਼ਾਇਦ ਹੀ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕੋਈ ਚਮਤਕਾਰੀ ਜਿੱਤ ਪ੍ਰਾਪਤ ਕਰ ਸਕਣਗੇ ਕਿਉਂਕਿ ਪੰਜਾਬ ਦੀਆਂ 13 ਸੀਟਾਂ ਲਈ 2 ਕਰੋੜ ਤੋਂ ਵੱਧ ਵੋਟਰਾਂ ਨੇ ਆਖ਼ਰੀ ਗੇੜ 19 ਮਈ ਨੂੰ ਅਪਣੇ ਅਧਿਕਾਰ ਦੀ ਵਰਤੋਂ ਕਰਨੀ ਹੈ, ਇਸ ਲਈ ਦੇਸ਼ ਦੇ ਬਾਕੀ ਰਾਜਾਂ ਵਿਚ ਵੱਖ-ਵੱਖ ਥਾਵਾਂ 'ਤੇ ਸਿਆਸੀ ਦਲਾਂ ਨੂੰ ਮਿਲੀ ਹਮਾਇਤ ਦਾ ਅਸਰ ਇਸ ਸਰਹੱਦੀ ਸੂਬੇ 'ਤੇ ਵੀ ਪਵੇਗਾ। ਇਸ ਤੋਂ ਇਹ ਕਾਂਗਰਸ, ਬੀਜੇਪੀ, 'ਆਪ' ਤੇ ਬੀ.ਐਸ.ਪੀ. ਸਮੇਤ ਹੋਰ ਜਥੇਬੰਦੀਆਂ ਦੇ ਸਿਰਕੱਢ ਰਾਸ਼ਟਰੀ ਨੇਤਾਵਾਂ ਦੇ ਚੋਣ ਦੌਰਿਆਂ ਦਾ ਚੰਗਾ ਮਾੜਾ ਪ੍ਰਭਾਵ ਵੀ ਪੰਜਾਬ ਦੀਆਂ 13 ਤੇ ਯੂਟੀ ਚੰਡੀਗੜ੍ਹ ਦੀ ਇਕੋ ਇਕ ਸੀਟ 'ਤੇ ਜ਼ਰੂਰ ਪਵੇਗਾ।