ਵਿਦੇਸ਼ੀ ਲੜਕੀਆਂ ਦੇ ਨਾਂਅ 'ਤੇ ਵਿਆਹ ਕਰਵਾ ਕੇ ਲੱਖਾਂ ਠੱਗਣ ਵਾਲੇ ਗਰੋਹ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਦਿੱਲੀ ਦੇ ਅਮੀਰ ਘਰਾਂ ਦੇ ਕਾਕਿਆਂ ਨੂੰ ਬਣਾਉਂਦੇ ਸਨ ਨਿਸ਼ਾਨਾ!

Arrest

ਫ਼ਰੀਦਕੋਟ : ਫ਼ਰੀਦਕੋਟ ਪੁਲਿਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਵਿਦੇਸ਼ੀ ਲੜਕੀਆਂ ਦੇ ਨਾਂਅ 'ਤੇ ਅਮੀਰ ਘਰਾਂ ਦੇ ਲੜਕਿਆਂ ਨਾਲ ਵਿਆਹ ਕਰਵਾ ਕੇ ਲੱਖਾਂ ਰੁਪਏ ਠੱਗਣ ਵਾਲੇ ਇਕ ਗਰੋਹ ਦੇ ਇਕ ਮੈਂਬਰ ਨੂੰ ਕਾਬੂ ਕਰ ਲਿਆ ਗਿਆ। ਗੁਰਮੀਤ ਕੌਰ ਐਸ.ਪੀ. (ਆਪ੍ਰੇਸ਼ਨ) ਨੇ ਇਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕਰਦਿਆਂ ਦਸਿਆ ਕਿ ਫ਼ਰੀਦਕੋਟ ਪੁਲਿਸ ਨੇ ਇਕ ਠੱਗ ਗਰੋਹ ਦੀ ਮਾਸਟਰ ਮਾਈਂਡ ਇਕ ਔਰਤ ਨੂੰ ਕਾਬੂ ਕੀਤਾ ਹੈ ਜੋ ਭਾਰਤੀ ਲੜਕੀਆਂ ਨੂੰ ਵਿਦੇਸ਼ੀ ਦੱਸ ਕੇ ਅਤੇ ਉਨ੍ਹਾਂ ਦੇ ਫ਼ਰਜ਼ੀ ਪਾਸਪੋਰਟ ਅਤੇ ਵੀਜ਼ੇ ਦਿਖਾ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਦੀ ਸੀ ਅਤੇ ਇਹ ਗਰੋਹ ਹੁਣ ਤਕ ਲਗਪਗ ਡੇਢ ਦਰਜਨ ਪਰਵਾਰਾਂ ਨਾਲ ਠੱਗੀ ਮਾਰ ਚੁੱਕਾ ਹੈ। 

ਉਨ੍ਹਾਂ ਦਸਿਆ ਕਿ ਸਰਦੂਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਗੋਲੇਵਾਲਾ ਵਲੋਂ ਪੁਲਿਸ ਕੋਲ ਦਿਤੀ ਗਈ ਇਕ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਗਰੋਹ ਦੀ ਮਾਸਟ ਮਾਈਂਡ ਨਰਿੰਦਰ ਪੁਰੇਵਾਲਾ ਨਾਮਕ ਔਰਤ ਨੂੰ ਕਾਬੂ ਕੀਤਾ ਹੈ। ਕਿਉਂਕਿ ਨਰਿੰਦਰ ਪੁਰੇਵਾਲਾ ਨੇ ਦਰਖ਼ਾਸਤੀ ਸਰਦੂਲ ਸਿੰਘ ਦੇ ਲੜਕੇ ਪਰਵਿੰਦਰ ਸਿੰਘ ਵਾਸੀ ਗੋਲੇਵਾਲਾ ਨਾਲ ਮਨਪ੍ਰੀਤ ਧਾਲੀਵਾਲ ਉਰਫ਼ ਪ੍ਰਵੀਨ ਕੌਰ ਨੂੰ ਅਪਣੀ ਰਿਸ਼ਤੇਦਾਰ ਅਤੇ ਕੈਨੇਡੀਅਨ ਲੜਕੀ ਦੱਸ ਕੇ ਵਿਆਹ ਕਰਵਾ ਦਿਤਾ ਅਤੇ ਲੜਕੇ ਨੂੰ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਕਰੀਬ 35 ਲੱਖ ਰੁਪੈ ਦੀ ਮੰਗ ਕੀਤੀ। ਪੜਤਾਲ ਦੌਰਾਨ ਪਤਾ ਲੱਗਾ ਕਿ ਮਨਪ੍ਰੀਤ ਧਾਲੀਵਾਲ ਕੈਨੇਡਾ ਦੀ ਵਸਨੀਕ ਨਹੀਂ ਸੀ ਅਤੇ ਇਨ੍ਹਾਂ ਨੇ ਗਗਨਦੀਪ ਸਿੰਘ ਵਾਸੀ ਅੰਮ੍ਰਿਤਸਰ ਨਾਲ ਮਿਲੀਭੁਗਤ ਕਰ ਕੇ ਪਰਵਾਰ ਨਾਲ ਠੱਗੀ ਮਾਰੀ ਹੈ। 

ਇਸੇ ਤਰ੍ਹਾਂ ਗੁਰਚਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗੋਬਿੰਦਗੜ੍ਹ (ਦਬੜ੍ਹੀਖਾਨਾ) ਜ਼ਿਲ੍ਹਾ ਫ਼ਰੀਦਕੋਟ ਨਾਲ ਵੀ ਨਰਿੰਦਰ ਪੁਰੇਵਾਲਾ ਨੇ 55 ਲੱਖ ਰੁਪੈ ਦੀ ਠੱਗੀ ਮਾਰੀ ਹੈ, ਜਿਸ ਵਿਚ ਮਾਸਟਰ ਪਰਮਪਾਲ ਸਿੰਘ ਵਾਸੀ ਗੋਲੇਵਾਲਾ ਵੀ ਸ਼ਾਮਲ ਹੈ, ਦੀ ਪੁਲਿਸ ਵਲੋਂ ਭਾਲ ਜਾਰੀ ਹੈ। ਮੈਡਮ ਗੁਰਮੀਤ ਕੌਰ ਨੇ ਦਸਿਆ ਕਿ ਗ੍ਰਿਫ਼ਤਾਰ ਨਰਿੰਦਰ ਪੁਰੇਵਾਲ ਨੇ ਵੱਖ-ਵੱਖ ਥਾਵਾਂ 'ਤੇ ਕਈ ਸ਼ਾਦੀਆਂ ਕਰਵਾਈਆਂ ਹੋਈਆਂ ਹਨ ਅਤੇ ਇਸੇ ਤਰ੍ਹਾਂ ਬਲੈਕਮੇਲ ਕਰ ਕੇ ਠੱਗੀ ਮਾਰੀ ਹੈ। ਉਨ੍ਹਾਂ ਦਸਿਆ ਕਿ ਨਰਿੰਦਰ ਪੁਰੇਵਾਲ ਦੀ ਲੜਕੀ ਪ੍ਰਿਅੰਕਾ ਪੁਰੇਵਾਲਾ ਜੋ ਕੈਨੇਡਾ ਵਿਚ ਰਹਿੰਦੀ ਹੈ, ਨੇ 2018 ਵਿਚ ਸ਼ਿਕਾਇਤ ਕੀਤੀ ਸੀ ਕਿ ਉਸਦੀ ਮਾਂ ਨਰਿੰਦਰ ਪੁਰੇਵਾਲਾ ਸੈਕਸ ਰੈਕੇਟ ਚਲਾਉਂਦੀ ਹੈ ਅਤੇ ਆਮ ਲੋਕਾਂ ਨਾਲ ਅਜਿਹੀਆਂ ਠੱਗੀਆਂ ਮਾਰਦੀ ਹੈ।