ਬੈਂਕਾਂ ਵਿਚੋਂ ਨਕਦੀ ਲੁੱਟਣ ਵਾਲੇ ਗਰੋਹ ਦੇ 5 ਮੈਂਬਰ ਕਾਬੂ
ਪਿਛਲੇ ਕਰੀਬ ਅੱਧੇ ਦਹਾਕੇ ਤੋਂ ਮਾਲਵਾ ਪੱਟੀ ਦੇ ਦਰਜਨਾਂ ਬੈਕਾਂ ਨੂੰ ਲੁੱਟਣ ਵਾਲੇ ਗਰੋਹ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ............
ਬਠਿੰਡਾ : ਪਿਛਲੇ ਕਰੀਬ ਅੱਧੇ ਦਹਾਕੇ ਤੋਂ ਮਾਲਵਾ ਪੱਟੀ ਦੇ ਦਰਜਨਾਂ ਬੈਕਾਂ ਨੂੰ ਲੁੱਟਣ ਵਾਲੇ ਗਰੋਹ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਐਸ.ਪੀ. ਸਵਰਨ ਸਿੰਘ ਖੰਨਾ ਨੇ ਪ੍ਰੈੱਸ ਕਾਨਫਰੰਸ ਵਿਚ ਦਸਿਆ ਕਿ ਕਾਬੂ ਕੀਤੇ ਗਏ ਗਰੋਹ ਦੇ ਮੈਂਬਰਾਂ ਦੀ ਪਛਾਣ ਜਸਵੀਰ ਸਿੰਘ ਉਰਫ ਸੀਰਾ ਉਮਰ 27 ਸਾਲ, ਇਕਬਾਲ ਸਿੰਘ 26 ਸਾਲ, ਗੁਰਲਾਲ ਸਿੰਘ 28 ਸਾਲ, ਸੁਖਮੰਦਰ ਸਿੰਘ, ਸੱਤਪਾਲ ਸਿੰਘ, ਸੁਖਦੀਪ ਸਿੰਘ, ਕ੍ਰਿਸ਼ਨ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਧਾਨ ਅਤੇ ਰਵੀ ਸਿੰਘ ਵਜੋਂ ਹੋਈ ਹੈ।
ਮੁਢਲੀ ਪੁਛਗਿਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਹੁਣ ਤਕ ਉਹ ਮਾਨਸਾ, ਬਠਿੰਡਾ, ਸੀ੍ਰ ਮੁਕਤਸਰ ਸਾਹਿਬ, ਬਰਨਾਲ, ਫਰੀਦਕੋਟ ਅਤੇ ਫ਼ਾਜ਼ਿਲਕਾ ਵਿਚ 21 ਦੇ ਕਰੀਬ ਬੈਂਕਾਂ ਨੂੰ ਲੁੱਟ ਕੇ ਲੱਖਾਂ ਦੀ ਨਕਦੀ ਤੇ ਅਸਲਾ ਹੱਥ ਹੇਠ ਕਰ ਚੁੱਕੇ ਹਨ। ਇਹ ਗਿਰੋਹ ਨਜ਼ਾਇਜ਼ ਅਸਲੇ ਅਤੇ ਮਾਰੂ ਹਥਿਆਰਾਂ ਨਾਲ ਪੰਜਾਬ ਦੇ ਵੱਖ ਵੱਖ ਬੈਂਕਾਂ ਖਾਸ ਕਰਕੇ ਕੋ-ਆਪਰੇਟਿਵ ਬੈਂਕਾਂ ਦੀਆਂ ਸੇਫਾਂ ਕਟਰ ਨਾਲ ਕੱਟ ਕੇ ਉਥੋਂ ਕੈਸ਼, ਅਸਲਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਦੇ ਸਨ। ਪੁਲਿਸ ਵਲੋਂ ਇਸ ਗਰੋਹ ਦੇ ਕੁਲ 11 ਮੈਂਬਰਾਂ ਵਿਚੋਂ 5 ਨੂੰ ਕਾਬੂ ਕਰ ਲਿਆ ਗਿਆ ਹੈ।
ਪੁਲਿਸ ਨੇ ਜਸਵੀਰ ਸਿੰਘ ਪਿੰਡ ਬੱਜੋਆਣਾ, ਇਕਬਾਲ ਸਿੰਘ, ਗੁਰਲਾਲ ਸਿੰਘ, ਸੱਤਪਾਲ ਸਿੰਘ ਅਤੇ ਸੁਖਦੀਪ ਸਿੰਘ ਨੂੰ ਕਾਬੂ ਕਰ ਕੇ ਇਹਨਾਂ ਕੋਲੋਂ 3 ਰਫਲਾਂ 12 ਬੋਰ ਸਮੇਤ 32 ਕਾਰਤੂਸ 12 ਬੋਰ ਜਿੰਦਾ, 2 ਲੱਖ 75 ਹਜ਼ਾਰ ਰੁਪਏ ਨਗਦ, ਪਾੜ ਲਾਉਣ ਵਾਲਾ ਕਟਰ, ਕੰਧ ਅਤੇ ਛੱਤ ਵਿੱਚ ਪਾੜ ਲਾਉਣ ਵਾਲੀ ਡਰਿਲ ਮਸ਼ੀਨ, ਇੱਕ ਹੈਮਰ, 1 ਕਿਰਚ, 1 ਲੋਹੇ ਦੀ ਕਰਦ ਅਤੇ 2 ਮੋਟਰਸਾਇਕਲ ਬਰਾਮਦ ਕਰ ਲਏ। ਪੁਛਗਿਛ ਦੌਰਾਨ ਉਨ੍ਹਾਂ ਦਸਿਆ ਕਿ ਅਸੀਂ ਸਾਰੇ ਦਿਨ ਵੇਲੇ ਕੰਮ ਕਰਦੇ ਸੀ ਅਤੇ ਰਾਤ ਸਮੇਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਜਿਸ ਕਰ ਕੇ ਸ਼ੱਕ ਨਹੀਂ ਕਰਦਾ ਸੀ ।