ਮੁਹਾਲੀ ਸਾਈਬਰ ਕ੍ਰਾਈਮ ਸੈੱਲ ਨੇ ਦਬੋਚਿਆ ਕਾਰਡ ਕਲੋਨਿੰਗ ਰਾਹੀਂ ਪੈਸੇ ਕਢਾਉਣ ਵਾਲਾ ਗਰੋਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰਡ ਕਲੋਨਿੰਗ ਜ਼ਰੀਏ ਏਟੀਐਮ ਵਿਚੋਂ ਲੋਕਾਂ ਦੇ ਪੈਸੇ ਕਢਵਾਉਣ ਵਾਲੇ ਗਰੁਪ ਦਾ ਪਰਦਾਫਾਸ਼ ਹੋ ਗਿਆ ਹੈ............

Cyber ​​Crime

ਐਸਏਐਸ ਨਗਰ : ਕਾਰਡ ਕਲੋਨਿੰਗ ਜ਼ਰੀਏ ਏਟੀਐਮ ਵਿਚੋਂ ਲੋਕਾਂ ਦੇ ਪੈਸੇ ਕਢਵਾਉਣ ਵਾਲੇ ਗਰੁਪ ਦਾ ਪਰਦਾਫਾਸ਼ ਹੋ ਗਿਆ ਹੈ। ਮੁਹਾਲੀ ਦੇ ਸਾਈਬਰ ਕਰਾਈਮ ਸੈੱਲ ਨੇ ਇਸ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਦਸ ਦਈਏ ਕਿ ਇਹ ਗਰੋਹ ਲੋਕਾਂ ਦੇ ਏਟੀਐਮ, ਡੈਬਿਟ ਅਤੇ ਕਰੈਡਿਟ ਕਾਰਡਾਂ ਦਾ ਡਾਟਾ ਚੋਰੀ ਕਰ ਕੇ ਉਨ੍ਹਾਂ ਦੇ ਖਾਤਿਆਂ 'ਚੋਂ ਪੈਸੇ ਕਢਾਉਣ ਦਾ ਧੰਦਾ ਕਰਦਾ ਸੀ। ਜਿਸ ਕਾਰਨ ਸ਼ਹਿਰ ਵਿਚ ਕਾਫ਼ੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਸਥਾਨਕ ਪੁਲਿਸ ਨੇ ਇਸ ਗਰੋਹ ਦੇ ਦਰਜਨ ਦੇ ਕਰੀਬ ਮੈਂਬਰਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਤੇ ਇਨ੍ਹਾਂ ਵਿਚੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਵਲੋਂ ਫੜੇ ਗਏ ਮੁਲਜ਼ਮਾਂ ਦਾ 18 ਅਗਸਤ ਤਕ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਨੂੰ ਗਰੋਹ ਕੋਲੋਂ ਇਕੱਲੇ ਮੁਹਾਲੀ ਸ਼ਹਿਰ ਵਿਚ 20 ਤੋਂ ਵੱਧ ਖਾਤਿਆਂ ਵਿਚੋਂ ਕਢਵਾਏ ਗਏ 20 ਤੋਂ 25 ਲੱਖ ਦੇ ਕਰੀਬ ਰਾਸ਼ੀ ਦਾ ਸੁਰਾਗ਼ ਮਿਲਣ ਦੀ ਉਮੀਦ ਹੈ ਕਿਉਂਕਿ ਕਾਰਡ ਕਲੋਨਿੰਗ ਰਾਹੀਂ ਪੈਸੇ ਕਢਵਾਏ ਜਾਣ ਦੀਆਂ ਸ਼ਹਿਰ ਵਿਚ ਕਾਫ਼ੀ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਮਹੀਨੇ ਪਹਿਲਾਂ ਫੇਜ਼-5 ਤੋਂ ਪੁਲਿਸ ਨੂੰ ਇਹ ਸ਼ਿਕਾਇਤਾਂ ਮਿਲੀਆਂ ਸਨ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਇਲਾਵਾ ਡੈਬਿਟ ਅਤੇ ਕਰੈਡਿਟ ਕਾਰਡਾਂ ਵਿਚੋਂ ਰਾਸ਼ੀ ਨਿਕਲ ਰਹੀ ਹੈ।

ਪੀੜਤਾਂ ਨੇ ਫੇਜ਼-1 ਥਾਣੇ ਵਿਚ ਪਹੁੰਚ ਕੀਤੀ, ਜਿਸ ਮਗਰੋਂ ਇਹ ਮਾਮਲਾ ਸਾਈਬਰ ਸੈੱਲ ਦੇ ਸਪੁਰਦ ਕੀਤਾ ਗਿਆ। ਪੁਲਿਸ ਨੇ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਦੋ ਵਿਅਕਤੀਆਂ ਦੀ ਨਿਸ਼ਾਨਦੇਹੀ ਕੀਤੀ, ਜਿਹੜੇ ਕਿ ਮੁਹਾਲੀ ਵਿਚ ਰੈਸਟੋਰੈਂਟਾਂ ਵਿਚ ਨੌਕਰੀ ਕਰਦੇ ਸਨ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਨੇ ਸਭ ਤੋਂ ਪਹਿਲਾਂ ਬਨਾਰਸ (ਯੂਪੀ) ਤੋਂ ਸੌਰਵ ਨੂੰ ਕਾਬੂ ਕੀਤਾ ਤੇ ਇਸ ਮਗਰੋਂ ਲਖਨਊ ਤੋਂ ਸੁਮਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਗਰੋਂ ਪੁਲਿਸ ਨੇ ਕੋਲਕਾਤਾ ਵਾਸੀ ਮਹੇਸ਼, ਮੁੰਬਈ ਵਾਸੀ ਰਾਹੁਲ ਅਤੇ ਆਗਰਾ ਵਾਸੀ ਕਰੁਨਇੰਦਰ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਵਿਰੁਧ ਸਾਈਬਰ ਸੈੱਲ ਵਿਚ ਮਾਮਲਾ ਦਰਜ ਕਰ ਲਿਆ ਹੈ। ਇਹ ਮੁਲਜ਼ਮ ਇਕ ਸੂਬੇ ਵਿਚ ਅਜਿਹੇ ਕਾਰਿਆਂ ਨੂੰ ਅੰਜ਼ਾਮ ਦੇ ਕੇ ਦੂਜੇ ਰਾਜ ਵਿਚ ਚਲੇ ਜਾਂਦੇ ਸਨ। ਇਹ ਮੁਲਜ਼ਮ ਏਟੀਐਮ ਦੇ ਬਾਕਸਾਂ ਵਿਚ ਅਜਿਹਾ ਸਿਸਟਮ ਫਿੱਟ ਕਰ ਦਿੰਦੇ ਸਨ, ਜਿਨ੍ਹਾਂ ਰਾਹੀਂ ਖ਼ਪਤਕਾਰ ਦਾ ਸਾਰਾ ਡਾਟਾ ਇਨ੍ਹਾਂ ਕੋਲ ਚਲਾ ਜਾਂਦਾ ਸੀ ਤੇ ਕੈਮਰੇ ਰਾਹੀਂ ਪਾਸਵਰਡ ਹਾਸਲ ਕਰ ਲੈਂਦੇ ਸਨ ਤੇ ਖ਼ਾਤਿਆਂ ਵਿਚੋਂ ਪੈਸੇ ਕੱਢ ਲੈਂਦੇ ਸਨ।

ਇਸੇ ਤਰ੍ਹਾਂ ਰੈਸਟੋਰੈਂਟਾਂ ਤੇ ਹੋਰ ਦੁਕਾਨਾਂ 'ਤੇ ਕੰਮ ਕਰਦੇ ਸਮੇਂ ਡੈਬਿਟ ਅਤੇ ਕਰੈਡਿਟ ਕਾਰਡਾਂ ਦਾ ਡਾਟਾ ਚੋਰੀ ਕਰਕੇ ਪੈਸੇ ਕਢਵਾ ਲੈਂਦੇ ਸਨ। ਇਸ ਗਰੋਹ ਦੇ ਮੈਂਬਰਾਂ ਨੂੰ ਕਾਰਡ ਕਲੋਨਿੰਗ ਵਿਚ ਵਿਸ਼ੇਸ਼ ਮੁਹਾਰਤ ਹਾਸਲ ਸੀ। ਸਾਈਬਰ ਕਰਾਈਮ ਸੈੱਲ ਦੇ ਐਸਐਚਓ ਸਮਰਪਾਲ ਸਿੰਘ ਨੇ ਗਰੋਹ ਨੂੰ ਫੜਨ ਅਤੇ 18 ਅਗੱਸਤ ਤਕ ਰਿਮਾਂਡ ਲਏ ਜਾਣ ਦੀ ਗੱਲ ਆਖੀ ਹੈ। ਉਮੀਦ ਹੈ ਕਿ ਇਨ੍ਹਾਂ ਮੁਲਜ਼ਮਾਂ ਪਾਸੋਂ ਕਈ ਤਰ੍ਹਾਂ ਦੇ ਹੋਰ ਖ਼ੁਲਾਸੇ ਹੋਣਗੇ।