ਪ੍ਰਦਰਸ਼ਨਕਾਰੀਆਂ ਨੇ ਟੈਂਕੀ 'ਤੇ ਹੀ ਠੰਢ ਵਿਚ ਰਾਤ ਕੱਟੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਕਾਰੀਆਂ ਦੀ ਹੋਲੀ ਦਾ ਮਜ਼ਾ ਵੀ ਕਿਰਕਰਾ ਹੋਇਆ

Protest near water tank

ਪਠਾਨਕੋਟ : ਸ਼ਾਹਪੁਰਕੰਡੀ ਡੈਮ (ਬੈਰਾਜ) ਪ੍ਰਾਜੈਕਟ ਵਿਚ ਨੌਕਰੀਆਂ ਨਾ ਮਿਲਣ ਦੇ ਰੋਸ ਵਜੋਂ ਮਿੰਨੀ ਸਕੱਤਰੇਤ ਕੋਲ ਪਿਛਲੇ ਪਾਸੇ ਟੈਂਕੀ ਉਪਰ 20 ਮਾਰਚ ਨੂੰ ਚੜ੍ਹੇ 5 ਆਊਸਟੀਆਂ ਦੇ ਪੂਰੀ ਰਾਤ ਠੰਢ ਵਿਚ ਟੈਂਕੀ ਉਪਰ ਹੀ ਕੱਟਣ ਨਾਲ ਪ੍ਰਸ਼ਾਸਨ ਦੇ ਹੱਥ ਪੈਰ ਪੂਰੀ ਤਰ੍ਹਾਂ ਫੁਲ ਗਏ ਅਤੇ ਅਗਲੇ ਦਿਨ ਅਧਿਕਾਰੀਆਂ ਦੀ ਹੋਲੀ ਦੀ ਛੁੱਟੀ ਦਾ ਮਜ਼ਾ ਵੀ ਕਿਰਕਰਾ ਹੋ ਗਿਆ। ਜਿਥੇ ਪੂਰਾ ਸ਼ਹਿਰ ਹੋਲੀ ਮਨਾਉਣ ਵਿੱਚ ਮਘਨ ਸੀ ਉਥੇ ਪ੍ਰਸ਼ਾਸਨਕ ਅਧਿਕਾਰੀ ਇਨ੍ਹਾਂ ਆਊਸਟੀਆਂ ਨੂੰ ਟੈਂਕੀ ਉਪਰੋਂ ਥੱਲੇ ਉਤਾਰਣ ਲਈ ਰਾਜ਼ੀ ਕਰਨ ਵਿਚ ਲੱਗੇ ਹੋਏ ਸਨ। 

ਮੌਕੇ ਉਪਰ ਹੀ ਸ਼ਾਹਪੁਰਕੰਡੀ ਡੈਮ ਦੇ ਅਧਿਕਾਰੀ ਵੀ ਬੁਲਾਏ ਗਏ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਆਊਸਟੀਆਂ ਨੂੰ ਮਨਾਉਣ ਵਿਚ ਭਾਰੀ ਮੁਸ਼ੱਕਤ ਕਰਨੀ ਪਈ। ਟੈਂਕੀ ਤੇ ਚੜ੍ਹਣ ਵਾਲਿਆਂ ਵਿਚ ਦਿਆਲ ਸਿੰਘ, ਅਰੁਨ ਸਿੰਘ, ਦਿਲਬਾਗ਼ ਸਿੰਘ, ਕਰਨ ਸਿੰਘ ਅਤੇ ਸਮਰ ਸਿੰਘ ਸ਼ਾਮਲ ਹਨ। ਇਨ੍ਹਾਂ ਵਿਚ 75 ਸਾਲ ਦਾ ਬਜ਼ੁਰਗ ਸਮਰ ਸਿੰਘ ਵੀ ਸ਼ਾਮਲ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਜ਼ਮੀਨਾਂ ਸਰਕਾਰ ਵਲੋਂ ਡੈਮ ਬਣਾਉਣ ਲਈ ਕੌਡੀਆਂ ਦੇ ਭਾਅ ਲੈ ਲਈਆਂ ਗਈਆਂ ਪਰ ਅੱਜ ਤਕ ਉਨ੍ਹਾਂ ਨੂੰ ਨੌਕਰੀ ਨਹੀਂ ਦਿਤੀ ਗਈ। 

ਐਸ.ਡੀ.ਐਮ ਅਰਸ਼ਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਟੈਂਕੀ ਦੇ ਹੇਠਾਂ ਖੜ੍ਹੇ ਆਊਸਟੀਆਂ ਦੇ ਬਾਕੀ ਸਾਥੀਆਂ ਨਾਲ ਗੱਲਬਾਤ ਕੀਤੀ ਅਤੇ ਉਹ ਇਸ ਨਤੀਜੇ ਉਪਰ ਪੁੱਜੇ ਕਿ ਜਿਹੜੇ ਵੀ ਵਿਅਕਤੀਆਂ ਨੇ ਪ੍ਰਾਜੈਕਟ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਨੌਕਰੀ ਹਾਸਲ ਕੀਤੀ ਹੈ ਅਤੇ ਅਸਲੀ ਆਊਸਟੀਆਂ ਨੂੰ ਨੌਕਰੀ ਪ੍ਰਾਪਤ ਕਰਨ ਲਈ ਦਰ ਦਰ ਦੇ ਧੱਕੇ ਖਾਣੇ ਪੈ ਰਹੇ ਹਨ, ਇਸ ਸਾਰੇ ਮਾਮਲੇ ਦੀ ਜਾਂਚ ਕਰਨ ਲਈ 25 ਮਾਰਚ ਨੂੰ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਦੋਹਾਂ ਧਿਰਾਂ ਦੀ ਸੁਣਵਾਈ ਕੀਤੀ ਜਾਵੇਗੀ। ਜਿਹੜੇ ਵੀ ਆਊਸਟੀ ਅਪਣਾ ਹੱਕ ਲੈਣ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਨੂੰ ਨੌਕਰੀ ਦਿਵਾਈ ਜਾਵੇਗੀ।

ਇਸ ਸਮਝੌਤੇ 'ਤੇ ਪੁੱਜਣ ਤੋਂ ਬਾਅਦ ਐਸ.ਡੀ.ਐਮ ਅਰਸ਼ਦੀਪ ਸਿੰਘ ਖ਼ੁਦ ਟੈਂਕੀ ਉਪਰ ਚੜ੍ਹ ਕੇ ਗਏ ਅਤੇ ਉਨ੍ਹਾਂ ਇਸ ਬਾਰੇ ਸਾਰੀਆਂ ਮੱਦਾਂ ਟੈਂਕੀ ਉਪਰ ਚੜ੍ਹੇ ਹੋਏ 5 ਆਊਸਟੀਆਂ ਨੂੰ ਸੁਣਾਈਆਂ ਜਿਸ ਬਾਅਦ ਉਹ ਰਾਜ਼ੀ ਹੋਏ ਤੇ ਐਸ.ਡੀ.ਐਮ ਦੇ ਨਾਲ ਟੈਂਕੀ ਤੋਂ ਹੇਠਾਂ ਉਤਰੇ। ਉਨ੍ਹਾਂ ਦੇ ਹੇਠਾਂ ਉਤਰਣ ਬਾਅਦ ਹੀ ਸਾਰੇ ਅਧਿਕਾਰੀਆਂ ਦਾ ਸਾਹ ਵਿਚ ਸਾਹ ਆਇਆ।