ਮਾਕਪਾ ਅਤੇ ਭਾਜਪਾ ਨੇਤਾਵਾਂ ਦੇ ਘਰਾਂ 'ਤੇ ਬੰਬਾਂ ਨਾਲ ਹਮਲੇ, 1700 ਪ੍ਰਦਰਸ਼ਨਕਾਰੀ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਕਪਾ ਨੇ ਅਪਣੇ ਨੇਤਾਵਾਂ ਦੇ ਘਰਾਂ 'ਤੇ ਹੋਏ ਹਮਲਿਆਂ ਦੇ ਲਈ ਆਰਐਸਐਸ ਦੇ ਸਵੈ-ਸੇਵੀਆਂ ਨੂੰ, ਜਦਕਿ ਭਾਜਪਾ ਨੇ ਮਾਕਪਾ ਕਰਮਚਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ।

Sabarimala Temple

ਤਿਰੁਵੰਨਤਪੁਰਮ : ਸਬਰੀਮਾਲਾ ਮੰਦਰ ਵਿਖੇ ਔਰਤਾਂ ਦੇ ਦਾਖਲੇ ਵਿਰੁਧ ਕੇਰਲ ਵਿਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਵਿਚ ਵਾਧਾ ਹੋ ਰਿਹਾ ਹੈ। ਮਾਕਪਾ ਦੇ ਥਾਲਾਸੇਰੀ ਵਿਧਾਇਕ ਏਐਨ ਸ਼ਮਸੀਰ ਦੇ ਘਰ ਦੇਰ ਰਾਤ ਬੰਬ ਨਾਲ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਭਾਜਪਾ ਸੰਸਦ ਮੰਤਰੀ ਵੀ ਮੁਰਲੀਧਰਨ, ਮਾਕਪਾ ਦੇ ਕਨੂਰ ਜ਼ਿਲ੍ਹਾ ਸਕੱਤਰ ਪੀ ਸ਼ਸ਼ੀ ਅਤੇ ਪਾਰਟੀ ਕਰਮਚਾਰੀ ਵਿਸ਼ਕ ਦੇ ਘਰਾਂ 'ਤੇ ਵੀ ਬੰਬ ਸੁੱਟੇ ਗਏ। ਹਮਲੇ ਦੌਰਾਨ ਵਿਸ਼ੇਕ ਜਖ਼ਮੀ ਹੋ ਗਏ।

ਸੁਪਰੀਮ ਕੋਰਟ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਮੰਦਰ ਵਿਚ ਹਰ ਉਮਰ ਦੀਆਂ ਔਰਤਾਂ ਨੂੰ ਦਾਖਲੇ ਦੀ ਇਜਾਜ਼ਤ ਦਿਤੀ ਸੀ। ਭਾਜਪਾ ਅਤੇ ਹਿੰਦੂ ਸੰਗਠਨ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਉਥੇ ਹੀ ਰਾਜ ਦੀ ਮਾਕਪਾ ਸਰਕਾਰ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ ਦੇ ਪੱਖ ਵਿਚ ਹੈ। ਮਾਕਪਾ ਨੇ ਅਪਣੇ ਨੇਤਾਵਾਂ ਦੇ ਘਰਾਂ 'ਤੇ ਹੋਏ ਹਮਲਿਆਂ ਦੇ ਲਈ ਆਰਐਸਐਸ ਦੇ ਸਵੈ-ਸੇਵੀਆਂ ਨੂੰ, ਜਦਕਿ ਭਾਜਪਾ ਨੇ ਮਾਕਪਾ ਕਰਮਚਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ। ਰਾਜ ਵਿਚ 1738 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 1108 ਮਾਮਲੇ ਦਰਜ ਕੀਤੇ ਗਏ ਹਨ।

ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜ ਵਿਚ ਐਤਵਾਰ ਨੂੰ ਹੋਣ ਵਾਲਾ ਦੌਰਾ ਰੱਦ ਕਰ ਦਿਤਾ ਗਿਆ ਹੈ। ਖ਼ਬਰਾਂ ਮੁਤਾਬਕ ਭਾਜਪਾ ਦੇ ਇਕ ਸੀਨੀਅਰ ਨੇਤਾ ਦੇ ਹਵਾਲੇ ਤੋਂ ਇਹ ਜਾਣਕਾਰੀ ਦਿਤੀ ਗਈ ਹੈ। ਭਾਜਪਾ ਨੇਤਾ ਨੇ ਕਿਹਾ ਕਿ ਪੀਐਮ ਦੀ ਪਠਾਨਮਥਿੱਟਾ ਵਿਖੇ 6 ਜਨਵਰੀ ਨੂੰ ਹੋਣ ਵਾਲੀ ਯਾਤਰਾ ਟਾਲ ਦਿਤੀ ਗਈ ਹੈ। ਇਸ ਦਾ ਮੌਜੂਦਾ ਹਾਲਾਤਾਂ ਨਾਲ ਕੋਈ ਸਬੰਧ ਨਹੀਂ ਹੈ, ਪਰ ਅਸੀਂ ਇਸ ਹਾਲਤ ਨੂੰ ਹੋਰ ਵਧਾਉਣਾ ਨਹੀਂ ਚਾਹੁੰਦੇ।

ਸਬਰੀਮਾਲਾ ਮੰਦਰ ਵਿਚ ਸ਼੍ਰੀਲੰਕਾ ਦੀ 46 ਸਾਲ ਦੀ ਇਕ ਔਰਤ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਪੌੜੀਆਂ 'ਤੇ ਹੀ ਰੋਕ ਦਿਤਾ ਗਿਆ। ਔਰਤ ਦਾ ਕਹਿਣਾ ਹੈ ਕਿ ਉਸ ਨੇ ਅਪਣੇ ਮੀਨੋਪੋਜ਼ਲ ਹੋਣ ਦਾ ਮੈਡੀਕਲ ਸਰਟੀਫਿਕੇਟ ਵੀ ਦਿਤਾ ਸੀ ਪਰ ਫਿਰ ਵੀ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ। ਸਬਰੀਮਾਲਾ ਮੰਦਰ ਵਿਚ 2 ਜਨਵਰੀ ਨੂੰ 50 ਸਾਲ ਤੋਂ ਘੱਟ ਉਮਰ ਦੀਆਂ ਦੋ ਔਰਤਾਂ ਬਿੰਦੂ ਅਤੇ ਕਨਕਦੁਰਗਾ ਅੰਦਰ ਗਈਆਂ ਸਨ। ਇਸ ਤੋਂ ਬਾਅਦ ਮੰਦਰ ਦਾ ਸ਼ੁੱਧੀਕਰਨ ਕੀਤਾ ਗਿਆ।