ਖਟਕੜ ਕਲਾਂ 'ਚ ਸਾਦੇ ਸਮਾਗਮ ਦੌਰਾਨ ਸ਼ਹੀਦਾਂ ਨੂੰ ਕੀਤਾ ਯਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸੁਫ਼ਨਿਆਂ ਦਾ ਭਾਰਤ ਸਿਰਜਣ ਲਈ ਦ੍ਰਿੜ-ਨਿਸ਼ਚਾ ਲਾਜ਼ਮੀ : ਡੀ.ਸੀ.

Ceremony at Khatkar Kalan

ਬਲਾਚੌਰ/ਕਾਠਗੜ੍ਹ : ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਭਰ ਜੁਆਨ ਉਮਰੇ ਦੇਸ਼ ਦੀ ਅਣਖ ਦੀ ਰਾਖੀ ਲਈ ਦਿਤੀ ਕੁਰਬਾਨੀ ਲਾਸਾਨੀ ਹੈ। ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸੁਫ਼ਨਿਆਂ ਦੇ ਭਾਰਤ ਨੂੰ ਸਿਰਜਣ ਲਈ ਦ੍ਰਿੜ-ਸੰਕਲਪ ਹੋਣਾ ਲਾਜ਼ਮੀ ਹੈ ਤਾਂ ਹੀ ਅਸੀਂ ਉਨ੍ਹਾਂ ਦੇ ਬਰਾਬਰਤਾ ਦੇ ਉਦੇਸ਼ ਨੂੰ ਸਹੀ ਅਰਥਾਂ 'ਚ ਅਮਲੀ ਰੂਪ ਦੇ ਸਕਦੇ ਹਾਂ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ 'ਤੇ ਸ਼ਰਧਾ ਸੁਮਨ ਭੇਟ ਕਰਨ ਬਾਅਦ, ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰਭਾਵਸ਼ਾਲੀ ਪਰ ਸਾਦਾ ਸਮਾਗਮ 'ਚ ਅਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਜਿਸ ਦ੍ਰਿੜ ਨਿਸ਼ਚੇ ਨੂੰ ਲੈ ਕੇ ਤੁਰੇ ਸਨ, ਉਸ ਦੇ ਨਤੀਜੇ ਦਾ ਅੰਦੇਸ਼ਾ ਉਨ੍ਹਾਂ ਨੂੰ ਪਹਿਲਾਂ ਤੋਂ ਸੀ ਪਰ ਤਾਂ ਵੀ ਦੇਸ਼ ਦੀ ਸੇਵਾ ਕਰਨ ਲਈ ਉਹ ਤਲਵਾਰ ਦੀ ਧਾਰ 'ਤੇ ਚੱਲੇ। ਉਨ੍ਹਾਂ ਦਾ ਤਿਆਗ ਅਤੇ ਬਹਾਦਰੀ ਇਸ ਗੱਲ ਦਾ ਪ੍ਰਤੀਕ ਸੀ ਕਿ ਦੇਸ਼ ਵਾਸੀਆਂ ਦੀ ਆਜ਼ਾਦੀ ਉਨ੍ਹਾਂ ਲਈ ਪਰਵਾਰ ਅਤੇ ਸਾਕ-ਸਬੰਧੀਆਂ ਤੋਂ ਵੀ ਉੱਪਰ ਸੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਹੀ ਨਹੀਂ ਬਲਕਿ ਹਰ ਉਸ ਦੇਸ਼ ਵਾਸੀ ਲਈ ਮੱਕਾ ਹੈ, ਜਿਸ ਦੇ ਦਿਲ 'ਚ ਅਪਣੇ ਆਜ਼ਾਦੀ ਘੁਲਾਟੀਆਂ ਪ੍ਰਤੀ ਸਤਿਕਾਰ ਭਰਿਆ ਹੋਇਆ ਹੈ। ਇਸ ਮੌਕੇ ਕੈਨੇਡਾ ਤੋਂ ਆਏ ਡਾ. ਸੋਹਣ ਸਿੰਘ ਪਰਮਾਰ ਨੇ ਸ਼ਹੀਦ ਭਗਤ ਸਿੰਘ ਦੀ ਮਾਤਾ ਪੰਜਾਬ ਮਾਤਾ ਵਿਦਿਆਵਤੀ ਅਤੇ ਭੈਣ ਅਮਰ ਕੌਰ ਨਾਲ 1971 'ਚ ਮਾਤਾ ਵਿਦਿਆਵਤੀ ਦੇ ਪੀ.ਜੀ.ਆਈ ਇਲਾਜ ਦੌਰਾਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਭੈਣ ਅਮਰ ਕੌਰ ਤੋਂ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਬਾਬਤ ਸੁਣੀਆਂ ਗੱਲਾਂ ਸਾਂਝੀਆਂ ਕੀਤੀਆਂ।

ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੇ ਸਿੰਘ ਸੰਧੂ ਦੀ ਬੇਟੀ ਅਨੁਸ਼ਪ੍ਰਿਆ ਅਤੇ ਉਨ੍ਹਾਂ ਦੇ ਪਤੀ ਪ੍ਰਭਦੀਪ ਸਿੰਘ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਗਏ ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ, ਨੂੰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵਲੋਂ ਦੋਸ਼ਾਲੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਏ ਡੀ ਸੀ (ਵਿਕਾਸ) ਸਰਬਜੀਤ ਸਿੰਘ ਵਾਲੀਆ, ਐਸ ਡੀ ਐਮ ਬੰਗਾ ਦੀਪ ਸ਼ਿਖਾ ਸ਼ਰਮਾ, ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਐਸ ਡੀ ਐਮ ਬਲਾਚੌਰ ਜਸਵੀਰ ਸਿੰਘ, ਸਹਾਇਕ ਕਮਿਸ਼ਨਰ (ਜ) ਸ਼ਿਵ ਕੁਮਾਰ, ਤਹਿਸੀਲਦਾਰ ਬੰਗਾ ਕੰਵਰ ਨਰਿੰਦਰ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।