ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੂੰ ਦਿਤਾ ਜਾਵੇਗਾ ‘ਕੌਮੀ ਵਿਰਸੇ’ ਦਾ ਖ਼ਿਤਾਬ : ਬਾਬਰ ਜਲੰਧਰੀ
ਸ਼ਹੀਦ ਭਗਤ ਸਿੰਘ ਦੇ ਘਰ ਨੂੰ ਯਾਦਗਾਰ ਦਾ ਰੂਪ ਦੇਵੇਗੀ ਪਾਕਿ ਸਰਕਾਰ
ਲਾਹੌਰ : ਲਾਹੌਰ ਤੋਂ ਪੱਤਰਕਾਰ ਬਾਬਰ ਜਲੰਧਰੀ ਨੇ ਇਕ ਤਾਜ਼ਾ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਤਹਿਰੀਕੇ ਆਜ਼ਾਦੀ ਦੇ ਹੀਰੋ ਭਗਤ ਸਿੰਘ ਦੇ ਜੱਦੀ ਘਰ ਨੂੰ ਸੁਰੱਖਿਅਤ ਬਣਾਉਣ ਲਈ ਕਾਇਮ ਕਮੇਟੀ ਜਲਦ ਹੀ ਫ਼ੈਸਲਾਬਾਦ ਦੇ ਨੁਮਾਹੀ ਇਲਾਕਾ 105 ਦੇ ਬੰਗਾ ਪਿੰਡ ਦਾ ਦੌਰਾ ਕਰੇਗੀ, ਜਿਸ ਤੋਂ ਬਾਅਦ ਭਗਤ ਸਿੰਘ ਦੇ ਘਰ ਨੂੰ ‘ਕੌਮੀ ਵਿਰਸੇ’ (National Heritage) ਦਾ ਦਰਜਾ ਦਿਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਘਰ ਨੂੰ ‘ਕੌਮੀ ਵਿਰਸੇ’ ਵਜੋਂ ਬਹਾਲ ਕਰਨ ਲਈ ਟੂਰਿਜ਼ਮ ਵਿਭਾਗ ਦੇ ਅਫ਼ਸਰਾਂ ਅਤੇ ਕਦੀਮਾਂ ਵਲੋਂ ਇਸ ਘਰ ਦੀ ਬਣਾਵਟ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਨਕਸ਼ੇ ਤਿਆਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਘਰ ਦੇ ਮਾਲਕ ਕੋਲੋਂ ਵੀਂ ਇਸ ਬਾਰੇ ਇਜਾਜ਼ਤ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਡਿਪਟੀ ਡਾਇਰੈਕਟਰ ਡਾ. ਅਫ਼ਜ਼ਲ ਖ਼ਾਨ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਟੀਮ ਵਲੋਂ ਜਲਦੀ ਹੀ ਭਗਤ ਸਿੰਘ ਦੇ ਘਰ ਦਾ ਦੌਰਾ ਕੀਤਾ ਜਾਵੇਗਾ ਅਤੇ ਇਸ ਗੱਲ ਦਾ ਜਾਇਜ਼ਾ ਲਿਆ ਜਾਵੇਗਾ ਕਿ ਭਗਤ ਸਿੰਘ ਦਾ ਘਰ ਕਿਸ ਕਦਰ ਅਪਣੀ ਅਸਲੀ ਹਾਲਤ ਵਿਚ ਮੌਜੂਦ ਹੈ।
ਉਨ੍ਹਾਂ ਦੱਸਿਆ ਕਿ ਘਰ ਨੂੰ ਕੌਮੀ ਵਿਰਸਾ ਐਲਾਨ ਦੇਣ ਤੋਂ ਬਾਅਦ ਇਸ ਦੀ ਬਹਾਲੀ ਲਈ ਕੌਮੀ ਤਹਿਵੀਲ (ਕੌਮੀ ਅਧਿਕਾਰ) ਵਿਚ ਲੈਣਾ ਜ਼ਰੂਰੀ ਨਹੀਂ ਹੈ। ਘਰ ਦਾ ਮਾਲਕ ਉਸ ਘਰ ਵਿਚ ਰਹਿ ਸਕਦਾ ਹੈ ਪਰ ਪੁਰਾਣੀ ਇਮਾਰਤ ਦੇ ਢਾਂਚੇ ਜਾਂ ਨਕਸ਼ੇ ਵਿਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਕਰ ਸਕੇਗਾ। ਜੇਕਰ ਘਰ ਦਾ ਮਾਲਕ ਘਰ ਨੂੰ ਤੋੜਨ ਜਾਂ ਇਸ ਵਿਚ ਤਬਦੀਲੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅਪਣੀ ਤਹਿਵੀਲ ਵਿਚ ਲਿਆ ਜਾਵੇਗਾ।
ਘਰ ਦੇ ਮਾਲਕ ਚੌਧਰੀ ਰਹਿਮਤ ਸੱਕ ਵੀਰਗ ਨੇ ਦੱਸਿਆ ਹੈ ਕਿ ਉਹ ਇਸ ਘਰ ਨੂੰ 'ਕੌਮੀ ਵਿਰਸੇ’ ਵਜੋਂ ਐਲਾਨਣ ਦੇਣ ਲਈ ਸਹਿਮਤ ਹਨ ਅਤੇ ਉਨ੍ਹਾਂ ਨੂੰ ਘਰ ’ਤੇ ਲਾਗੂ ਹੁੰਦੀਆਂ ਸਾਰੀਆਂ ਸ਼ਰਤਾਂ ਵੀ ਮਨਜ਼ੂਰ ਹਨ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਦੇ ਘਰ ਦੇ 2 ਕਮਰੇ, ਛੱਤਾਂ ਅਤੇ ਬਰਤਨ ਉਸੇ ਤਰ੍ਹਾਂ ਹੀ ਸੁਰੱਖਿਅਤ ਬਹਾਲ ਹਨ ਜਿਸ ਤਰ੍ਹਾਂ ਉਸ ਸਮੇਂ ਸਨ। ਬਾਬਰ ਜਲੰਧਰੀ ਨੇ ਦੱਸਿਆ ਕਿ ਭਾਰਤ ਤੋਂ ਸਿੱਖ ਸੰਗਤਾਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿਖੇ ਜਾਂਦੀਆਂ ਹਨ
ਅਤੇ ਉੱਥੇ ਜਾ ਕੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੀਆਂ ਹਨ। ਭਗਤ ਸਿੰਘ ਦਾ ਖ਼ਾਨਦਾਨ ਵੀ ਇਸ ਗੱਲ ਤੋਂ ਖੁਸ਼ ਹੈ ਕਿ ਉਹ ਉਸ ਘਰ ਵਿਚ ਰਹਿ ਰਹੇ ਹਨ ਜਿੱਥੇ ਭਗਤ ਸਿੰਘ ਰਿਹਾ ਕਰਦੇ ਸਨ। ਉਨ੍ਹਾਂ ਕਿਹਾ ਕਿ 2014 ਵਿਚ ਭਗਤ ਸਿੰਘ ਦੇ ਘਰ ਨੂੰ ਜ਼ਿਲ੍ਹਾ ਹਕੂਮਤ ਨੇ ‘ਕੌਮੀ ਵਿਰਸਾ’ ਕਰਾਰ ਦਿਤਾ ਸੀ ਪਰ ਹੁਣ ਸੂਬਾਈ ਹਕੂਮਤ ਵਲੋਂ ਵੀ ਘਰ ਦੀ ਬਹਾਲੀ ਦਾ ਬੀੜਾ ਚੁੱਕਿਆ ਗਿਆ ਹੈ।