ਕੋਰੋਨਾ ਦੀ ਮਹਾਂਮਾਰੀ ਵੇਖਦਿਆਂ ਸਰਕਾਰ ਬੰਦੀ ਸਿੰਘ ਰਿਹਾਅ ਕਰੇ: ਭਾਈ ਚੌੜਾ

ਏਜੰਸੀ

ਖ਼ਬਰਾਂ, ਪੰਜਾਬ

ਜੇਲਾਂ ਦੀ ਭੀੜ ਖ਼ਤਮ ਕਰਨ ਲਈ ਬਜ਼ੁਰਗ, ਸਜ਼ਾਵਾਂ ਪੂਰੀਆਂ ਕਰ ਚੁਕੇ ਤੇ ਬਿਮਾਰ ਕੈਦੀ ਕੀਤੇ ਜਾਣ ਰਿਹਾਅ

Corona Virus Bhai Narain Singh Chaura  

ਅੰਮ੍ਰਿਤਸਰ: ਪੰਥਕ ਆਗੂ ਭਾਈ ਨਰਾਇਣ ਸਿੰਘ ਚੌੜਾ ਨੇ ਮੰਗ ਕੀਤੀ ਹੈ ਕਿ ਇਸ ਬਿਪਤਾ ਦੇ ਸਮੇਂ ਜੇਲ੍ਹਾਂ ਦੀ ਭੀੜ ਖ਼ਤਮ ਕਰਨ  ਲਈ ਬਜ਼ੁਰਗ, ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘ ਰਿਹਾਅ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਲਪੇਟ ਵਿਚ ਆ ਚੁਕੀ ਹੈ।

ਭਾਈ ਚੌੜਾ ਨੇ ਕਿਹਾ ਕਿ ਹਰ ਮੁਲਕ ਦੀ ਸਰਕਾਰ, ਸਾਇੰਸਦਾਨ ਅਤੇ ਸਿਹਤ ਵਿਗਿਆਨੀ ਜਿਥੇ ਇਸ ਭਿਆਨਕ ਰੋਗ ਦੀ ਰੋਕਥਾਮ ਲਈ ਅਸਰਦਾਰ ਦਵਾਈ ਦੀ ਖੋਜ ਵਿਚ ਜੁਟੇ ਹੋਏ ਹਨ, ਉਥੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਪ੍ਰਹੇਜ਼ ਰੱਖਣ ਦੀ ਸਲਾਹ ਵੀ ਦਿਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਮੈਂ ਭਾਰਤ ਤੇ ਪੰਜਾਬ ਸਰਕਾਰ ਦਾ ਧਿਆਨ ਹਵਾਲਾਤੀਆਂ ਤੇ ਕੈਦੀਆਂ ਨਾਲ ਭਰੀਆਂ ਹੋਈਆਂ ਜੇਲ੍ਹਾਂ ਵਲ ਦਿਵਾਉਣਾ ਚਾਹੁੰਦਾ ਹਾਂ, ਜਿਥੇ ਅਪਣੇ ਆਪ ਨੂੰ ਇਕ ਦੂਜੇ ਤੋਂ ਅਲੱਗ ਰੱਖਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਬੰਦੀਆਂ ਕੋਲ ਤਾਂ ਇਸ ਵਾਇਰਸ ਦੇ ਪੀੜਤ ਵਿਅਕਤੀ ਤੋਂ ਇਕ ਮੀਟਰ ਦਾ ਫ਼ਾਸਲਾ ਰੱਖਣ ਲਈ ਥਾਂ ਨਹੀਂ ਹੈ। ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਇਸ ਮਾਰੂ ਬਿਮਾਰੀ ਤੋਂ ਸੁਰੱਖਿਆ ਕਰਨ ਲਈ ਸਰਕਾਰ ਨੂੰ ਸੰਜੀਦਗੀ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਐਚ.ਆਈ.ਵੀ. ਅਤੇ ਕਾਲਾ ਪੀਲੀਆ ਵਰਗੀਆਂ ਮਾਰੂ ਬਿਮਾਰੀਆਂ ਤੋਂ ਪੀੜਤ ਮੌਤ ਕਿਨਾਰੇ ਪਹੁੰਚੇ ਬੰਦੀਆਂ ਅਤੇ ਵੱਡੀ ਉਮਰ ਦੇ ਬਜ਼ੁਰਗਾਂ ਨੂੰ ਤੁਰਤ ਰਿਹਾਅ ਕਰ ਦਿਤਾ ਜਾਵੇ, ਸਜ਼ਾ ਪੂਰੀ ਕਰ ਚੁਕੇ ਜਿਨ੍ਹਾਂ ਕੈਦੀਆਂ ਦੇ ਨਕਸ਼ੇ ਸਰਕਾਰ ਕੋਲ ਵਿਚਾਰ ਅਧੀਨ ਹਨ, ਸਰਕਾਰ ਉਨ੍ਹਾਂ ਦਾ ਤੁਰਤ ਨਿਪਟਾਰਾ ਕਰ ਕੇ ਰਿਹਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਲਾਲ ਸਿੰਘ ਅਤੇ ਗੁਰਦੀਪ ਸਿੰਘ ਖੇੜਾ ਸਮੇਤ, ਜਿਨ੍ਹਾਂ ਦੀ ਰਿਹਾਈ ਦਾ ਪਹਿਲਾਂ ਸਰਕਾਰੀ ਐਲਾਨ ਕਰ ਦਿਤਾ ਗਿਆ ਸੀ, ਪਰ ਮਗਰੋਂ ਸੁਪਰੀਮ ਕੋਰਟ ਤੋਂ ਸਟੇਅ ਲੈ ਕੇ ਰਿਹਾਈ 'ਚ ਅੜਿੱਕਾ ਖੜਾ ਕਰ ਦਿਤਾ ਗਿਆ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਪਈ ਅਪੀਲ ਦਾ ਤੁਰਤ ਫ਼ੈਸਲਾ ਕਰ ਕੇ ਉਨ੍ਹਾਂ ਨੂੰ ਵੀ ਰਿਹਾਅ ਕੀਤਾ ਜਾਵੇ।

ਭਾਈ ਜਗਤਾਰ ਸਿੰਘ ਹਵਾਰਾ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਹਰਨੇਕ ਸਿੰਘ ਭੱਪ, ਭਾਈ ਬਲਬੀਰ ਸਿੰਘ ਭੂਤਨਾ ਆਦਿ ਸਿੱਖਾਂ ਸਮੇਤ ਸਟੇਟ ਰੂਲਜ਼ ਅਨੁਸਾਰ ਅਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਦੇਸ਼ ਭਰ ਦੀਆਂ ਸਾਰੀਆਂ ਜੇਲ੍ਹਾਂ 'ਚ ਬੰਦ ਸਾਰੇ ਉਮਰ ਕੈਦੀਆਂ ਨੂੰ ਜਾਤ, ਧਰਮ ਅਤੇ ਕੌਮ ਦੇ ਵਿਤਕਰੇ ਬਿਨਾ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ।

ਭਾਈ ਨਾਰਾਇਣ ਸਿੰਘ ਚੌੜਾ ਨੇ ਕਿਹਾ ਕਿ ਜਿਨ੍ਹਾਂ ਬੰਦੀ ਸਿੱਖਾਂ ਨੂੰ ਸਟੇਟ ਰੂਲ ਦੀ ਉਲੰਘਣਾ ਕਰ ਕੇ 25-30 ਸਾਲ ਸਜ਼ਾ ਕੱਟ ਲੈਣ 'ਤੇ ਵੀ ਸਿੱਖ ਹੋਣ ਕਰ ਕੇ ਹੀ ਰਿਹਾਅ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਨੂੰ ਵੀ ਹੁਣ ਮਹਾਂਮਾਰੀ ਤੋਂ ਬਚਾਉਣ ਲਈ ਰਿਹਾਅ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਉਚ ਪੁਲਿਸ ਅਧਿਕਾਰੀਆਂ ਵਲੋਂ ਅਪਣੇ ਅਧੀਨ ਥਾਣਿਆਂ ਨੂੰ ਨਵੇਂ ਕੇਸ ਦਰਜ ਕਰਨ ਦਾ ਅਲਾਟ ਕੀਤਾ ਜਾਂਦਾ ਮਹੀਨਾਵਾਰ ਕੋਟਾ ਪੂਰਾ ਕਰਨ ਲਈ ਅਤੇ ਪੁਲਿਸ ਵਲੋਂ ਪ੍ਰਾਪਤੀ ਵਿਖਾਉਣ ਲਈ ਜਿਨ੍ਹਾਂ ਬੰਦਿਆਂ ਨੂੰ ਜੇਲ੍ਹਾਂ ਵਿਚ ਸੁਟਿਆ ਗਿਆ ਹੈ ਤੇ ਜਾਂ ਫਿਰ ਸਿਆਸੀ ਦਬਾਅ ਹੇਠ ਸਰਕਾਰ ਵਿਰੋਧੀ ਜਿਨ੍ਹਾਂ ਸਿਆਸਤਦਾਨਾਂ ਨੂੰ ਬੰਦੀ ਬਣਾਇਆ ਹੋਇਆ ਹੈ, ਉਨ੍ਹਾਂ ਦੇ ਕੇਸ ਡਿਸਚਾਰਜ਼ ਕਰ ਕੇ ਜਾਂ ਜ਼ਮਾਨਤਾਂ ਦੇ ਕੇ ਰਿਹਾਅ ਕਰ ਦਿਤਾ ਜਾਵੇ।

ਭਾਈ ਚੌੜਾ ਨੇ ਕਿਹਾ ਕਿ  ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ, ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਸਮੇਤ ਹਿੰਦੁਸਤਾਨ ਦੇ ਸਾਰੇ ਰਾਜਾਂ ਦੇ ਰਾਜਪਾਲ ਅਤੇ ਕੇਂਦਰ ਪ੍ਰਸ਼ਾਸ਼ਤ ਸਥਾਨਾਂ ਦੇ ਪ੍ਰਸ਼ਾਸਨਕ ਅਧਿਕਾਰੀ ਖ਼ੁਦ ਧਾਰਾ 161 ਅਤੇ ਧਾਰਾ 72 ਤਹਿਤ ਅਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰ ਕੇ ਉਕਤ ਸ਼੍ਰੇਣੀ ਦੇ ਸਾਰੇ ਸਿੱਖ ਬੰਦੀਆਂ ਸਮੇਤ ਵੱਧ ਤੋਂ ਵੱਧ ਬੰਦੀਆਂ ਦੀ ਰਿਹਾਈ ਦਾ ਆਪੋ-ਅਪਣੀ ਸਰਕਾਰ ਨੂੰ ਤੁਰਤ ਆਦੇਸ਼ ਦੇਣ ਅਤੇ ਜੇਲ੍ਹਾਂ ਵਿਚੋਂ ਭੀੜ ਖ਼ਤਮ ਕਰਨ।

ਭਾਈ ਚੌੜਾ ਨੇ ਕੈਪਟਨ ਅਮਰਿੰਦਰ ਸਿੰਘ ਸਣੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਵੀ ਬੰਦੀਆਂ ਦੀ ਰਿਹਾਈ ਦੀ ਸਿਫ਼ਾਰਸ਼ ਕਰਨ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਬੰਦੀ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੇ 550ਵੇਂ ਪ੍ਰਕਾਸ ਦਿਹਾੜੇ 'ਤੇ ਰਿਹਾਅ ਕਰਨ ਤੋਂ ਚੁੱਪ ਧਾਰ ਲਈ ਗਈ ਸੀ, ਉਨ੍ਹਾਂ ਨੂੰ ਹੁਣ ਦੁਨੀਆ ਭਰ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਵੇਖ ਕੇ ਹੀ ਰਿਹਾਅ ਕਰ ਦਿਤਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।