ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ ਲੰਗਰ : ਮਹੀਪਇੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੀ ਕਰੋਪੀ ਦੇ ਚਲਦਿਆਂ 31 ਮਾਰਚ ਤੱਕ ਪੰਜਾਬ ਬੰਦ ਦੀ ਸਥਿਤੀ 'ਚ ਇਤਿਹਾਸਕ ਧਾਰਮਕ ਅਸਥਾਨ ਟਿੱਲਾ ਬਾਬਾ ਫ਼ਰੀਦ ਜੀ ਨੇੜੇ ਕਿਲਾ ਮੁਬਾਰਕ

File photo

ਫ਼ਰੀਦਕੋਟ (ਲਖਵਿੰਦਰ ਸਿੰਘ ਹਾਲੀ) : ਕੋਰੋਨਾ ਵਾਇਰਸ ਦੀ ਕਰੋਪੀ ਦੇ ਚਲਦਿਆਂ 31 ਮਾਰਚ ਤੱਕ ਪੰਜਾਬ ਬੰਦ ਦੀ ਸਥਿਤੀ 'ਚ ਇਤਿਹਾਸਕ ਧਾਰਮਕ ਅਸਥਾਨ ਟਿੱਲਾ ਬਾਬਾ ਫ਼ਰੀਦ ਜੀ ਨੇੜੇ ਕਿਲਾ ਮੁਬਾਰਕ ਵਲੋਂ 25 ਮਾਰਚ ਤੋਂ 31 ਮਾਰਚ ਤੱਕ ਇਕ ਹਫ਼ਤੇ ਲਈ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਲੋੜਵੰਦਾਂ ਲਈ ਲੰਗਰ ਪਹੁੰਚਾਉਣ ਦੀ ਸੇਵਾ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਧਾਰਮਕ ਅਤੇ ਵਿਦਿਅਕ ਸੰਸਥਾਵਾਂ ਦੇ ਸੇਵਾਦਾਰ ਐਡਵੋਕੇਟ ਮਹੀਪਇੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਵਲੋਂ ਲੋਕਾਂ ਨੂੰ ਅਪਣੇ-ਅਪਣੇ ਘਰਾਂ 'ਚ ਰਹਿਣ ਦੀ ਸਲਾਹ ਦਿਤੀ ਗਈ ਹੈ, ਜਿਸ ਤਹਿਤ 31 ਮਾਰਚ ਤੱਕ ਪੰਜਾਬ ਨੂੰ ਲਾਕਡਾਊਨ ਕੀਤਾ ਗਿਆ ਹੈ, ਇਸ ਸਥਿਤੀ ਦੇ ਚਲਦਿਆਂ ਆਮ ਦਿਹਾੜੀਦਾਰ ਲੋਕਾਂ ਦਾ ਜੀਵਨ ਪ੍ਰਭਾਵਤ ਹੋ ਗਿਆ ਹੈ,

ਜੋ ਹਰ ਰੋਜ਼ ਕੀਤੀ ਜਾਣ ਵਾਲੀ ਮਿਹਨਤ ਨਾਲ ਅਪਣੇ ਪਰਵਾਰ ਦਾ ਪੇਟ ਪਾਲਦੇ ਸਨ। ਉਨ੍ਹਾਂ ਕਿਹਾ ਇਸ ਦੌਰਾਨ ਬਾਜ਼ੀਗਰ ਬਸਤੀ, ਬਲਬੀਰ ਬਸਤੀ, ਸੰਜੇ ਨਗਰ, ਦਸ਼ਮੇਸ਼ ਨਗਰ,  ਡਾ. ਅੰਬੇਡਕਰ ਨਗਰ ਆਦਿ 'ਚ ਲੰਗਰ ਪਹੁੰਚਾਉਣ ਦੀ ਸੇਵਾ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਬਾਬਾ ਫ਼ਰੀਦ ਜੀ ਦੇ ਚਰਨ ਛੋਹ ਇਤਿਹਾਸਿਕ ਧਾਰਮਕ ਅਸਥਾਨ ਟਿੱਲਾ ਬਾਬਾ ਫ਼ਰੀਦ ਜੀ ਵਲੋਂ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸ਼ਹਿਰ ਵਾਸੀਆਂ ਦੀ ਹਰ ਪੱਖੋਂ ਸਹਾਇਤਾ ਕੀਤੀ ਜਾਵੇਗੀ।

ਅੰਤ 'ਚ ਉਨ੍ਹਾਂ ਵੱਖ-ਵੱਖ ਪਿੰਡਾਂ 'ਚ ਬਣੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਕਿ ਉਹ ਅਪਣੇ ਪਿੰਡਾਂ 'ਚ ਲੋੜਵੰਦ ਗ਼ਰੀਬ ਪਰਵਾਰਾਂ ਨੂੰ ਘਰ-ਘਰ ਪੈਕ ਕੀਤਾ ਲੰਗਰ ਪਹੁੰਚਾਉਣ ਦੀ ਸੇਵਾ ਸ਼ੁਰੂ ਕਰਨ।