13 ਮਈ ਤੋਂ 17 ਮਈ ਤੱਕ ਕੇਜਰੀਵਾਲ ਪੰਜਾਬ ਵਿਚ ਕਰਨਗੇ ਚੋਣ ਪ੍ਰਚਾਰ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 13 ਮਈ ਤੋਂ 17 ਮਈ ਤੱਕ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ।
ਲੁਧਿਆਣਾ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 13 ਮਈ ਤੋਂ 17 ਮਈ ਤੱਕ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ। ਇਹ ਜਾਣਕਾਰੀ ਐਮਐਲਏ ਅਤੇ ਆਮ ਆਦਮੀ ਪਾਰਟੀ ਪੰਜਬ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਦਿੱਤੀ ਹੈ। ਅਮਨ ਅਰੋੜਾ ਨੇ ਕਿਹਾ ਹੈ ਕਿ ਦਿੱਲੀ ਅਤੇ ਹਰਿਆਣਾ ਵਿਚ ਲੋਕ ਸਭਾ ਚੋਣਾਂ 12 ਮਈ ਨੂੰ ਹੋਣਗੀਆਂ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ 13 ਮਈ ਤੋਂ 17 ਮਈ ਤੱਕ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ।
ਅਮਨ ਅਰੋੜਾ ਦਾ ਕਹਿਣਾ ਹੈ ਕਿ ਉਹਨਾਂ ਦੇ ਉਮੀਦਵਾਰ ਉਹਨਾਂ ਦੀ ਤਾਕਤ ਹਨ ਅਤੇ ਉਹ ਲੋਕਾਂ ਨੂੰ ਪਾਰਟੀ ਦੇ ਏਜੰਡੇ ਪ੍ਰਤੀ ਜਾਗਰੂਕ ਕਰਨ ਲਈ ਉਹਨਾਂ ਕੋਲ ਜਾ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਵਾਰ ਵਾਰ ਲੋਕਾਂ ਦਾ ਭਰੋਸਾ ਤੋੜਿਆ ਹੈ ਪਰ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਦੇਸ਼ ਦੇ ਲੋਕਾਂ ਲਈ ਮਿਸਾਲ ਕਾਇਮ ਕੀਤੀ ਹੈ।
ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਪੁੱਛੇ ਜਾਣ ਵਾਲੇ ਸਵਾਲ ‘ਤੇ ਅਰੋੜਾ ਨੇ ਕਿਹਾ ਕਿ ਸਾਨੂੰ ਪੰਜਾਬ ਵਿਚ ਕਾਂਗਰਸ ਨਾਲ ਗਠਜੋੜ ਕਰਨਾ ਮਨਜ਼ੂਰ ਨਹੀਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਦੋ ਸਾਲਾਂ ਦੌਰਾਨ ਅਪਣੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਗੱਲਬਾਤ ਜਾਰੀ ਹੈ ਕਿਉਂਕਿ ਦਿੱਲੀ ਵਿਚ ਹਾਲਾਤ ਕੁੱਝ ਹੋਰ ਹਨ। ਉਹਨਾਂ ਕਿਹਾ ਕਿ ਭਾਜਪਾ ਨੇ 2014 ਵਿਚ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ।
‘ਆਪ’ ਪੰਜਾਬ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਕਿਹਾ ਕਿ ਯੂਪੀਏ ਸਰਕਾਰ ਖਿਲਾਫ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਦੌਰਾਨ ਆਮ ਆਦਮੀ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਲਈ ਇਕ ਵੱਡੇ ਸਵਾਲ ਦਾ ਸਾਹਮਣਾ ਕਰ ਰਹੀ ਹੈ ਕਿ ਦੇਸ਼ ਲਈ ਜ਼ਿਆਦਾ ਖਤਰਨਾਕ ਕੋਣ ਹੈ ਅਤੇ ਦੇਸ਼ ਨੂੰ ਕੋਣ ਵੰਡ ਰਿਹਾ ਹੈ।
ਉਹਨਾਂ ਕਿਹਾ ਕਿ ਭਾਜਪਾ ਦੇਸ਼ ਨੂੰ ਧਰਮ, ਧਾਰਮਿਕ ਸਥਾਨਾਂ ਅਤੇ ਬੋਲੀ ਦੇ ਆਧਾਰ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਨੂੰ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਬਚਾਉਣ ਲਈ ਦਿੱਲੀ ਵਿਚ ਕਾਂਗਰਸ-ਆਪ ਦੇ ਗਠਜੋੜ ਲਈ ਗੱਲਬਾਤ ਚੱਲ ਰਹੀ ਹੈ। ਉਹਨਾਂ ਕਿਹਾ ਕਿ ‘ਆਪ’ ਲਈ ਦੇਸ਼ ਸਭ ਤੋਂ ਪਹਿਲਾਂ ਹੈ। ਸੂਤਰਾਂ ਅਨੁਸਾਰ ਕੇਜਰੀਵਾਲ ਪੰਜਾਬ ਵਿਚ ਰੋਡ ਸ਼ੋਅ ਅਤੇ ਰੈਲੀਆਂ ਰਾਹੀਂ ਲੋਕਾਂ ਨੂੰ ਸੰਬੋਧਨ ਕਰਨਗੇ।