ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਮਾਮਲਾ: ਸੁਖਪਾਲ ਖਹਿਰਾ ਦੀ CM ਮਾਨ ਨੂੰ ਚੁਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਪਹਿਲਾਂ ਮੁਹਾਲੀ ਦੀ 50 ਹਜ਼ਾਰ ਏਕੜ ਜ਼ਮੀਨ ਖਾਲੀ ਕਰਵਾਓ, ਜਿਸ 'ਤੇ ਬਾਦਲਾਂ, ਕੈਪਟਨ ਅਤੇ ਡੀਜੀਪੀ ਦਾ ਕਬਜ਼ਾ ਹੈ

CM Bhagwant Mann and Sukhpal Khaira

 

ਚੰਡੀਗੜ੍ਹ: ਪੰਜਾਬ ਵਿਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਚੁਣੌਤੀ ਦਿੱਤੀ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਸੀਐਮ ਮਾਨ ਅਤੇ ਪੇਂਡੂ ਵਿਕਾਸ ਮੰਤਰੀ ਪਹਿਲਾਂ ਮੁਹਾਲੀ ਦੀ 50 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ, ਜਿਸ 'ਤੇ ਬਾਦਲਾਂ, ਕੈਪਟਨ ਅਤੇ ਡੀਜੀਪੀ ਆਦਿ ਦਾ ਕਬਜ਼ਾ ਹੈ।

Sukhpal Khaira

ਖਹਿਰਾ ਨੇ ਇਸ ਦੇ ਲਈ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨਾਜਾਇਜ਼ ਕਬਜ਼ੇ ਛੁਡਵਾਉਂਦੀ ਹੈ ਜਾਂ ਸਬੰਧਤ ਲੋਕਾਂ ਕੋਲੋਂ ਇਹਨਾਂ ਜ਼ਮੀਨਾਂ ਦੇ ਪੈਸੇ ਲੈਂਦੀ ਹੈ ਤਾਂ ਅਸੀਂ ਆਪਣੇ ਸੂਬੇ ਨੂੰ 3 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਕਤ ਕਰਵਾ ਸਕਦੇ ਹਾਂ।

Bhagwant Mann

ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, “ਜੇਕਰ ਕੁਲਦੀਪ ਧਾਲੀਵਾਲ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਵਿਚ ਸਚਮੁੱਚ ਦਿਲਚਸਪੀ ਰੱਖਦੇ ਹਨ ਤਾਂ ਮੈਂ ਭਗਵੰਤ ਮਾਨ ਅਤੇ ਉਹਨਾਂ ਨੂੰ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਲੈਣ ਦੀ ਬੇਨਤੀ ਕਰਦਾ ਹਾਂ, ਜਿਸ ’ਚ ਬਾਦਲਾਂ, ਕੈਪਟਨ, ਡੀਜੀਪੀ ਆਦਿ ਵਰਗੇ ਚੋਟੀ ਦੇ ਸਿਆਸਤਦਾਨਾਂ ਅਧੀਨ ਇਕੱਲੇ ਮੋਹਾਲੀ ਜ਼ਿਲ੍ਹੇ ਵਿਚ 50 ਹਜ਼ਾਰ ਏਕੜ ਦੀ ਪਛਾਣ ਕੀਤੀ ਗਈ ਹੈ! ਕਿਰਪਾ ਕਰਕੇ ਚੁਣੌਤੀ ਸਵੀਕਾਰ ਕਰੋ?”

Tweet

ਦਰਅਸਲ ਪੰਜਾਬ ਦੀ 'ਆਪ' ਸਰਕਾਰ 'ਚ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਸੀ ਕਿ ਪੰਚਾਇਤੀ ਜ਼ਮੀਨਾਂ 'ਤੇ ਹੋਏ ਕਬਜ਼ੇ ਛੁਡਵਾਏ ਜਾਣਗੇ। ਉਹਨਾਂ ਨੇ ਇਹਨਾਂ ਕਬਜ਼ਿਆਂ ਪਿੱਛੇ ਆਗੂਆਂ ਦਾ ਹੱਥ ਹੋਣ ਦਾ ਸੰਕੇਤ ਦਿੱਤਾ ਸੀ। ਜਿਸ ਤੋਂ ਬਾਅਦ ਖਹਿਰਾ ਨੇ ਕਿਹਾ ਕਿ ਜੇਕਰ ਉਹ ਸਚਮੁੱਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣਾ ਚਾਹੁੰਦੇ ਹਨ ਤਾਂ ਪਹਿਲਾਂ ਮੁਹਾਲੀ 'ਚ ਹੀ ਕਰਵਾ ਲੈਣ।