ਪਾਕਿ ਨੇ ਕਰਤਾਰਪੁਰ ਲਾਂਘੇ ਲਈ ਸ਼ਰਤਾਂ ਤੈਅ ਕੀਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਸੁਝਾਅ ਦਿਤਾ ਹੈ ਕਿ ਲਾਂਘੇ ਨੂੰ ਹਫ਼ਤੇ 'ਚ ਸੱਤ ਦਿਨ ਅਤੇ ਸਾਲ 'ਚ 365 ਦਿਨ ਖੁੱਲ੍ਹਾ ਰਖਿਆ ਜਾਵੇ

Kartarpur Corridor

ਨਵੀਂ ਦਿੱਲੀ: ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਚਾਲੂ ਕਰਨ ਲਈ ਕਈ ਨਿਯਮ ਅਤੇ ਸ਼ਰਤਾਂ ਤੈਅ ਕੀਤੀਆਂ ਹਨ ਅਤੇ ਸਿੱਖਾਂ ਦੀਆਂ ਸੱਭ ਤੋਂ ਪਵਿੱਤਰ ਥਾਵਾਂ 'ਚ ਸ਼ਾਮਲ ਇਸ ਅਸਥਾਨ ਨੂੰ ਪੂਰੇ ਸਾਲ ਖੁਲ੍ਹਾ ਰੱਖਣ ਦੀ ਭਾਰਤ ਦੀ ਤਜਵੀਜ਼ ਦਾ ਵਿਰੋਧ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਲਾਮਾਬਾਦ ਨੇ ਜਾਂ ਤਾਂ ਸ਼ਰਤਾਂ ਲਾਈਆਂ ਹਨ ਜਾਂ ਨਵੀਂ ਦਿੱਲੀ ਦੀਆਂ ਸਾਰੀਆਂ ਤਜਵੀਜ਼ਾਂ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਸਿਰਫ਼ 700 ਸ਼ਰਧਾਲੂ ਹੀ ਗੁਰਦਵਾਰਾ ਦਰਬਾਰ ਸਾਹਿਬ, ਕਰਤਾਰਪੁਰ ਦਾ ਦਰਸ਼ਨ ਕਰ ਸਕਦੇ ਹਨ।

ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਨੇ ਕਿਹਾ ਹੈ ਕਿ ਸ਼ਰਧਾਲੂਆਂ ਨੂੰ ਸਿਰਫ਼ ਇਕ ਵਿਸ਼ੇਸ਼ ਪਰਮਿਟ ਵਿਵਸਥਾ ਤਹਿਤ ਕਰਤਾਰਪੁਰ ਦੀ ਯਾਤਰਾ ਕਰਨ ਦੀ ਇਜਾਜ਼ਤ ਦਿਤੀ ਜਾਵੇਗੀ। ਭਾਰਤ ਨੇ ਤਜਵੀਜ਼ ਕੀਤੀ ਸੀ ਕਿ ਭਾਰਤੀ ਨਾਗਰਿਕਾਂ ਤੋਂ ਇਲਾਵਾ 'ਓਵਰਸੀਜ਼ ਇੰਡੀਅਨ ਕਾਰਨ' ਧਾਰਕਾਂ ਨੂੰ ਵੀ ਦਰਸ਼ਨਾਂ ਦੀ ਇਜਾਜ਼ਤ ਦਿਤੀ ਜਾਵੇ। ਪਰ ਪਾਕਿਸਤਾਨ ਨੇ ਕਿਹਾ ਕਿ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਇਜਾਜ਼ਤ ਦਿਤੀ ਜਾਵੇ।

ਭਾਰਤ ਨੇ ਸੁਝਾਅ ਦਿਤਾ ਹੈ ਕਿ ਲਾਂਘੇ ਨੂੰ ਹਫ਼ਤੇ 'ਚ ਸੱਤ ਦਿਨ ਅਤੇ ਸਾਲ 'ਚ 365 ਦਿਨ ਖੁੱਲ੍ਹਾ ਰਖਿਆ ਜਾਵੇ ਪਰ ਪਾਕਿਸਤਾਨ ਨੇ ਕਿਹਾ ਹੈ ਕਿ ਇਸ ਨੂੰ ਸਿਰਫ਼ ਯਾਤਰਾ ਵਾਲੇ ਦਿਨਾਂ ਦੌਰਾਨ ਹੀ ਖੁੱਲ੍ਹਾ ਰੱਖਣ ਦੀ ਇਜਾਜ਼ਤ ਦਿਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਨਵੀਂ ਦਿੱਲੀ ਨੇ ਕਿਹਾ ਹੈ ਕਿ 5 ਹਜ਼ਾਰ ਲੋਕਾਂ ਨੂੰ ਹਰ ਰੋਜ਼ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ ਪਰ ਇਸਲਾਮਾਬਾਦ ਨੇ ਕਿਹਾ ਹੈ ਕਿ 700 ਲੋਕਾਂ ਤੋਂ ਜ਼ਿਆਦਾ ਨੂੰ ਇਜਾਜ਼ਤ ਨਹੀਂ ਦਿਤੀ ਜਾਵੇਗੀ।

ਪਾਕਿਸਤਾਨ ਨੇ ਵਿਸ਼ੇਸ਼ ਦਿਨਾਂ 'ਚ 10 ਹਜ਼ਾਰ ਲੋਕਾਂ ਨੂੰ ਯਾਤਰਾ ਦੀ ਇਜਾਜ਼ਤ ਦਿਤੇ ਜਾਣ ਬਾਰੇ ਭਾਰਤ ਦੀ ਤਜਵੀਜ਼ ਦਾ ਵੀ ਜਵਾਬ ਨਹੀਂ ਦਿਤਾ ਹੈ। ਪਾਕਿਸਤਾਨ ਰਾਵੀ ਨਦੀ 'ਤੇ ਇਕ ਪੁਲ ਦੀ ਉਸਾਰੀ ਦੇ ਭਾਰਤ ਦੀ ਤਜਵੀਜ਼ 'ਤੇ ਵੀ ਸਹਿਮਤ ਨਹੀਂ ਹੋਇਆ ਹੈ ਅਤੇ ਯਾਤਰੀਆਂ ਨੂੰ ਕਰਤਾਰਪੁਰ ਸਾਹਿਬ ਦੀ ਪੈਦਲ ਯਾਤਰਾ ਕਰਨ ਦੀ ਇਜਾਜ਼ਤ ਦੇਣ ਦੀ ਭਾਰਤੀ ਤਜਵੀਜ਼ ਦਾ ਵੀ ਜਵਾਬ ਨਹੀਂ ਦਿਤਾ। ਇਕ ਅਧਿਕਾਰੀ ਨੇ ਕਿਹਾ ਕਿ ਅਸਹਿਯੋਗ ਦੇ ਬਾਵਜੂਦ ਲਾਂਘੇ ਦਾ ਕੰਮ ਪੂਰੀ ਮੁਸਤੈਦੀ ਨਾਲ ਚਲ ਰਿਹਾ ਹੈ ਅਤੇ ਪ੍ਰਾਜੇਕਟ ਦੇ 12 ਨਵੰਬਰ, 2019 ਤਕ ਪੂਰਾ ਹੋਣ ਦੀ ਉਮੀਦ ਹੈ।