ਪ੍ਰਾਈਵੇਟ ਹਸਪਤਾਲਾਂ ਵਲੋਂ ਹੜਤਾਲ 'ਤੇ ਜਾਣ ਦਾ ਐਲਾਨ,ਮਰੀਜ਼ਾਂ ਦੀਆਂ ਮੁਸ਼ਕਲਾਂ ਵਧਣ ਦਾ ਖਦਸ਼ਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਸਪਤਾਲ ਕਲੀਨੀਕਲ ਐਸਟੇਬਲਿਸ਼ਮੈਂਟ ਬਿੱਲ ਸਬੰਧੀ ਆਰਡੀਨੈਂਸ ਦਾ ਕਰ ਰਹੇ ਨੇ ਵਿਰੋਧ

Private hospitals

ਚੰਡੀਗੜ੍ਹ : ਕਰੋਨਾ ਦੇ ਵਧਦੇ ਪ੍ਰਕੋਪ ਦਰਮਿਆਨ ਪੰਜਾਬ ਵਿਚਲੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਲੋਂ ਹੜਤਾਲ 'ਤੇ ਜਾਣ ਦੇ ਐਲਾਨ ਤੋਂ ਬਾਅਦ ਮਰੀਜ਼ਾਂ ਦੀਆਂ ਮੁਸ਼ਕਲਾਂ ਹੋਰ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਕਰੋਨਾ ਕਾਲ ਦੌਰਾਨ ਭਾਵੇਂ ਇਨ੍ਹਾਂ ਹਸਪਤਾਲਾਂ ਨੇ ਅਪਣੀਆਂ ਸੇਵਾਵਾਂ ਪਹਿਲਾਂ ਹੀ ਸੀਮਤ ਕਰ ਰੱਖੀਆਂ ਸਨ ਪਰ ਹੁਣ ਇਨ੍ਹਾਂ ਦੇ ਮੁਕੰਮਲ ਹੜਤਾਲ 'ਤੇ ਜਾਣ ਕਾਰਨ ਗੰਭੀਰ ਹਾਲਤ ਵਾਲੇ ਮਰੀਜ਼ਾਂ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਸਮੇਤ ਹੋਰਨਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ ਅੰਦਰ ਇਸ ਸਮੇਂ ਛੋਟੇ ਵੱਡੇ 5000 ਦੇ ਕਰੀਬ ਪ੍ਰਾਈਵੇਟ ਹਸਪਤਾਲ ਹਨ ਜਿਨ੍ਹਾਂ ਨੇ ਅੱਜ ਸਵੇਰ ਤੋਂ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿਤਾ ਹੈ। ਇਨ੍ਹਾਂ ਹਸਪਤਾਲਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਲਿਆਂਦੇ ਗਏ ਕਲੀਨੀਕਲ ਐਸਟੇਬਲਿਸ਼ਮੈਂਟ ਬਿੱਲ ਸਬੰਧੀ ਜਾਰੀ ਕੀਤੇ ਗਏ ਆਰਡੀਨੈਂਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਹੜਤਾਲ ਦਾ ਇਹ ਸੱਦਾ 13 ਜੂਨ ਦਿਤਾ ਗਿਆ ਸੀ। ਉਸ ਸਮੇਂ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਵਲੋਂ ਇਸ ਆਰਡੀਨੈਂਸ ਨੂੰ ਵਾਪਸ ਲੈਣ ਬਾਰੇ ਫ਼ੈਸਲਾ ਨਾ ਲੈਣ ਦੀ ਸੂਰਤ 'ਚ ਉਹ 23 ਜੂਨ ਨੂੰ ਸੂਬੇ ਭਰ ਦੇ ਪ੍ਰਾਈਵੇਟ ਹਸਪਤਾਲ ਸਿਹਤ ਸਹੂਲਤਾਂ ਠੱਪ ਕਰ ਦੇਣਗੇ। ਇਸੇ ਤਹਿਤ ਅੱਜ ਹੜਤਾਲ ਕਰਦਿਆਂ ਹਸਪਤਾਲ 'ਚ ਮੁਕੰਮਲ ਬੰਦ ਕਰ ਦਿਤੇ ਗਏ।

ਸਾਂਝੀ ਐਕਸ਼ਨ ਕਮੇਟੀ ਦੇ ਮੁਖੀ ਡਾਕਟਰ ਰਾਕੇਸ਼ ਵਿੱਗ ਤੇ ਮੀਡੀਆ ਇੰਚਾਰਜ ਡਾ. ਵਿਜੈ ਮਹਾਜਨ ਅਨੁਸਾਰ 13 ਜੂਨ ਤੋਂ ਬਾਅਦ ਪੰਜਾਬ ਸਰਕਾਰ ਨੇ ਜਥੇਬੰਦੀ ਦੀ ਮੰਗ 'ਤੇ ਕੋਈ ਵੀ ਅਮਲ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਹੜਤਾਲ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਨਾਲ ਹਸਪਤਾਲਾਂ ਵਿਚ ਸਰਕਾਰੀ ਦਖਲਅੰਦਾਜ਼ੀ ਵੱਧ ਜਾਵੇਗੀ ਤੇ ਸਰਕਾਰੀ ਮਸ਼ੀਨਰੀ ਜਾਣਬੁਝ ਕੇ ਡਾਕਟਰਾਂ ਨੂੰ ਤੰਗ ਕਰੇਗੀ, ਜਿਸ ਨਾਲ ਭ੍ਰਿਸ਼ਟਾਚਾਰ ਵਧਣ ਦਾ ਖਦਸ਼ਾ ਵੀ ਪੈਦਾ ਹੋ ਗਿਆ ਹੈ।

ਕਾਬਲੇਗੌਰ ਹੈ ਕਿ ਅੱਜ ਹੜਤਾਲ ਹੋਣ ਬਾਅਦ ਐਮਰਜੰਸੀ ਸਮੇਤ ਸਾਰੀਆਂ ਡਾਕਟਰੀ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਚੁੱਕੀਆਂ ਹਨ। ਇਹ ਸੇਵਾਵਾਂ ਸ਼ਾਮੀ ਅੱਠ ਵਜੇ ਤਕ ਬੰਦ ਰਹਿਣਗੀਆਂ। ਕਰੋਨਾ ਕਾਲ ਦੌਰਾਨ ਜਦੋਂ ਸਰਕਾਰੀ ਹਸਪਤਾਲਾਂ 'ਤੇ ਪਹਿਲਾਂ ਹੀ ਕਾਫੀ ਬੋਝ ਹੈ, ਅਜਿਹੇ 'ਚ ਗੰਭੀਰ ਜ਼ਖ਼ਮੀਆਂ ਅਤੇ ਗਰਭਵਤੀ ਔਰਤਾਂ ਨੂੰ ਐਮਰਜੰਸੀ ਹਾਲਾਤਾਂ 'ਚ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।