ਢੀਂਡਸਾ ਦੀ ਸਿਧਾਂਤਕਵਾਦੀ ਲਹਿਰ ਨਾਲ ਜੁੜਿਆ ਇਕ ਹੋਰ ਵੱਡਾ ਆਗੂ, ਪਾਰਟੀ 'ਚ ਹੋਈ ਸ਼ਮੂਲੀਅਤ!
ਜਥੇਦਾਰ ਰਣਜੀਤ ਸਿੰਘ ਤਲਵੰਡੀ ਵਲੋਂ ਢੀਂਡਸਾ ਦੀ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ
ਮੋਹਾਲੀ : ਸਿਧਾਂਤਕਵਾਦ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰ ਕੇ ਨਵੀਂ ਪਾਰਟੀ ਬਣਾਉਣ ਵਾਲੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਕਈ ਦਿਗਜ਼ ਅਕਾਲੀ ਆਗੂਆਂ ਦਾ ਸਾਥ ਮਿਲਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਇਸੇ ਤਹਿਤ ਬੀਤੇ ਸਮੇਂ ਦੌਰਾਨ ਕਈ ਅਕਾਲੀ ਆਗੂ ਉਨ੍ਹਾਂ ਨਾਲ ਜੁੜ ਚੁੱਕੇ ਹਨ। ਹੁਣ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਤੇ ਸਾਬਕਾ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਵੀ ਢੀਂਡਸਾ ਦੀ ਨਵੀਂ ਪਾਰਟੀ 'ਚ ਸ਼ਮੂਲੀਅਤ ਕਰ ਕੇ ਉਨ੍ਹਾਂ ਦੇ ਸਿਧਾਂਤਕਾਵਾਦੀ ਕਾਫ਼ਲੇ ਨਾਲ ਇਕਜੁਟਤਾ ਦਾ ਇਜ਼ਹਾਰ ਕੀਤਾ ਹੈ।
ਅੱਜ ਅਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰਨ ਮੌਕੇ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਸੁਖਬੀਰ ਬਾਦਲ 'ਤੇ ਸਿਆਸੀ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਉਹ ਪਾਰਟੀ ਨੂੰ ਚਲਾਉਣ ਲਈ ਬਿਜਨਸਮੈਨ ਦੀ ਤਰ੍ਹਾਂ ਵਿਵਹਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਕਰਨ ਦਾ ਕੋਈ ਤਜਰਬਾ ਨਹੀਂ ਹੈ।
ਸੁਖਬੀਰ 'ਤੇ ਸ਼੍ਰੋਮਣੀ ਕਮੇਟੀ ਦੇ ਫ਼ੰਡਾਂ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣਾ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਕੀਤੀ ਗਈ ਪਹਿਲਕਦਮੀ ਤੋਂ ਬਾਅਦ ਉਹ ਬਿਨਾਂ ਕਿਸੇ ਲਾਲਚ ਦੇ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋਏ ਹਨ।
ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਪਾਰਟੀ ਅੰਦਰ ਸ਼ਮੂਲੀਅਤ ਤੋਂ ਉਤਸ਼ਾਹਿਤ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਅਣਦੇਖੀ ਦਾ ਦਰਦ ਹੰਢਾ ਰਹੇ ਸਾਰੇ ਪੁਰਾਣੇ ਸਾਥੀਆਂ ਅਤੇ ਵਫ਼ਦਾਰ ਵਰਕਰਾਂ ਨੂੰ ਪੰਥ ਦੀ ਸੇਵਾ ਕਰਨ ਲਈ ਮਨਾਉਣ ਖ਼ਾਤਰ ਘਰ-ਘਰ ਜਾਣਗੇ।
ਉਨ੍ਹਾਂ ਦਾਅਵਾ ਕੀਤਾ ਕਿ ਅਜੇ ਹੋਰ ਬਹੁਤ ਸਾਰੇ ਪਰਵਾਰ ਬਾਦਲਾਂ ਦਾ ਸਾਥ ਛੱਡ ਕੇ ਉਨ੍ਹਾਂ ਨਾਲ ਆਉਣ ਦੀ ਤਿਆਰੀ 'ਚ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਜਲਦ ਹੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਜਿਸ 'ਚ ਨਵੇਂ ਤੇ ਤਜਰਬੇਕਾਰ ਆਗੂਆਂ ਨੂੰ ਵਿਸ਼ੇਸ਼ ਥਾਂ ਦਿਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।