ਦੂਜਿਆਂ ‘ਤੇ ਦੋਸ਼ ਲਗਾਉਣ ਤੋਂ ਪਹਿਲਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਅਕਾਲੀ ਨੇਤਾ-ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਨਵੇਂ ਅਕਾਲੀ ਦਲ ਦੇ ਗਠਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਕਾਫੀ ਉਥਲ-ਪੁਥਲ ਹੋ ਗਈ ਹੈ।

Sukhbir Singh Badal and Sukhdev Singh Dhindsa

ਚੰਡੀਗੜ੍ਹ: ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਨਵੇਂ ਅਕਾਲੀ ਦਲ ਦੇ ਗਠਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਕਾਫੀ ਉਥਲ-ਪੁਥਲ ਹੋ ਗਈ ਹੈ। ਦਰਅਸਲ ਸ੍ਰੋਮਣੀ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਕਾਂਗਰਸ ਦਾ ਏਜੰਟ ਕਰਾਰ ਦਿੱਤਾ ਹੈ। ਅਕਾਲੀ ਦਲ ਦੇ ਇਸ ਬਿਆਨ ਤੋਂ ਬਾਅਦ ਢੀਂਡਸਾ ਨੇ ਬਾਦਲ ਪਰਿਵਾਰ ‘ਤੇ ਵੱਡੇ ਇਲਜ਼ਾਮ ਲਗਾ ਦਿੱਤੇ।

ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਹੈ ਕਿ ਅਸਲ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਸਮਝੌਤਾ ਹੋਇਆ ਹੈ। ਉਹਨਾਂ ਦੱਸਿਆ ਕਿ 2017 ਵਿਚ ਜਦੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤਾਂ ਉਦੋਂ ਤੋਂ ਹੀ ਸੁਖਬੀਰ ਬਾਦਲ ਦੀਆਂ ਟਰਾਂਸਪੋਰਟ ਕੰਪਨੀਆਂ ਤੇ ਕੇਬਲ ਦਾ ਧੰਦਾ ਬਿਨਾਂ ਕਿਸੇ ਰੋਕ ਤੋਂ ਚੱਲ ਰਿਹਾ ਹੈ।

ਉਹਨਾਂ ਕਿਹਾ ਕਿ ਕਈ ਕਾਂਗਰਸ ਨੇਤਾਵਾਂ ਅਤੇ ਮੰਤਰੀਆਂ ਵੱਲੋਂ ਦਬਾਅ ਪਾਉਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਉਹਨਾਂ ਕਿਹਾ ਕਿ ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਮੁੱਖ ਮੰਤਰੀ ਅਤੇ ਸੁਖਬੀਰ ਬਾਦਲ ਵਿਚਾਲੇ ਸਮਝੌਤਾ ਹੋਇਆ ਹੈ।

ਇਸ ਤੋਂ ਬਾਅਦ ਢੀਂਡਸਾ ਨੇ ਕਿਹਾ ਕਿ ਜਦੋਂ ਵੀ ਕਈ ਦਲੀਲਪੂਰਨ ਅਤੇ ਸਹੀ ਸੋਚ ਵਾਲਾ ਵਿਅਕਤੀ ਪੰਜਾਬ ਅਤੇ ਕੌਮ ਦੇ ਭਲੇ ਦੀ ਗੱਲ ਕਰਦਾ ਹੈ ਤਾਂ ਬਾਦਲਾਂ ਵੱਲੋਂ ਉਸ ‘ਤੇ ਕਾਂਗਰਸ ਪਾਰਟੀ ਵਿਚ ਰਲਿਆ ਹੋਣ ਦਾ ਇਲਜ਼ਾਮ ਲਗਾ ਦਿੱਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਕਾਂਗਰਸ ਨਾਲ ਕੌਣ ਰਲਿਆ ਹੋਇਆ ਹੈ। ਉਹਨਾਂ ਕਿਹਾ ਕਿ ਵਿਰੋਧੀਆਂ ‘ਤੇ ਦੋਸ਼ ਲਗਾਉਣ ਤੋਂ ਪਹਿਲਾਂ ਅਕਾਲੀਆਂ ਨੂੰ ਅਪਣੀ ਪੀੜੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ।