ਸਤਲੁਜ ਦਰਿਆ 'ਚ ਕਿਸੇ ਸਮੇਂ ਵੀ ਛੱਡਿਆ ਜਾ ਸਕਦੈ ਪਾਣੀ, ਭਾਖੜਾ ਡੈਮ ਮੈਨੇ: ਵਲੋਂ ਨੋਟੀਫ਼ਿਕੇਸ਼ਨ ਜਾਰੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਤਰੇ ਨੂੰ ਭਾਂਪਦਿਆਂ ਪ੍ਰਸ਼ਾਸਨ ਵਲੋਂ ਪੁਖਤਾ ਇੰਤਜ਼ਾਮ ਦਾ ਦਾਅਵਾ

Sutlej River

ਚੰਡੀਗੜ੍ਹ : ਪਹਾੜੀ ਇਲਾਕਿਆਂ 'ਚ ਪੈ ਰਹੀ ਬਾਰਸ਼ ਦੇ ਮੱਦੇਨਜ਼ਰ ਭਾਖੜਾ ਡੈਮ 'ਚ ਪਾਣੀ ਦੀ ਆਮਦ ਕਾਫ਼ੀ ਵੱਧ ਗਈ ਹੈ। ਇਸ ਨੂੰ ਵੇਖਦਿਆਂ ਸਤਲੁਜ ਦਰਿਆ ਵਿਚ ਕਿਸੇ ਵੀ ਸਮੇਂ ਪਾਣੀ ਛੱਡਿਆ ਜਾ ਸਕਦਾ ਹੈ। ਇਸ ਸਬੰਧੀ ਭਾਖੜਾ ਡੈਮ ਮੈਨੇਜਮੈਂਟ ਨੇ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਇਸ ਨੂੰ ਲੈ ਕੇ ਨਹਿਰੀ ਵਿਭਾਗ ਤੇ ਪ੍ਰਸ਼ਾਸਨ ਚੌਕਸ ਹੋ ਗਏ ਹਨ।

ਪ੍ਰਸ਼ਾਸਨ ਵਲੋਂ ਦਰਿਆ ਦੇ ਕਿਨਾਰਿਆਂ 'ਤੇ ਵਸੇ ਇਲਾਕਿਆਂ 'ਚ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਉਂਝ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਦੇ ਖ਼ਤਰੇ ਨੂੰ ਵੇਖਦਿਆਂ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।

ਕਾਬਲੇਗੌਰ  ਹੈ ਕਿ ਬੀਤੇ ਵਰ੍ਹੇ ਸਤਲੁਜ ਦਰਿਆ ਵਿਚ ਵਧੇਰੇ ਪਾਣੀ ਆ ਜਾਣ ਕਾਰਨ ਕਈ ਇਲਾਕਿਆਂ ਅੰਦਰ ਹੜ੍ਹਾਂ ਵਰਗੇ ਹਾਲਾਤ ਬਣ ਗਏ ਸਨ। ਉਸ ਸਮੇਂ ਕਈ ਥਾਈ ਬੰਨ੍ਹ ਨੂੰ ਨੁਕਸਾਨ ਵੀ ਪਹੁੰਚਿਆ ਸੀ। ਸਤਲੁਜ ਲੁਧਿਆਣਾ ਦੇ ਨੇੜਿਓਂ ਲੰਘਦਾ ਹੈ। ਇਸ ਵਾਰ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਦਰਿਆ 'ਚ ਪਾਣੀ ਦੇ ਵਧਦੇ ਵਹਾਅ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਇਸ ਸਬੰਧੀ ਗੋਤਾਖੋਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਵਿਸ਼ੇਸ਼ ਡਿਊਟੀਆਂ ਲੱਗੀਆਂ ਹੋਈਆਂ ਹਨ। ਉਹ ਸਮੇਂ-ਸਮੇਂ 'ਤੇ ਪਾਣੀ ਦਾ ਪੱਧਰ ਚੈੱਕ ਕਰਦੇ ਰਹਿੰਦੇ ਹਨ। ਰਾਤ ਨੂੰ ਵੀ ਚੌਕੀਦਾਰ ਲਾਏ ਗਏ ਹਨ ਜੋ ਨਹਿਰੀ ਵਿਭਾਗ ਤੇ ਪ੍ਰਸ਼ਾਸਨ ਨੂੰ ਸਤਲੁਜ ਦਰਿਆ ਦੇ ਪੱਧਰ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੇ ਰਹਿੰਦੇ ਹਨ।

ਉਧਰ, ਸਬ ਇਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਐਨਡੀਆਰਐਫ ਦੀਆਂ ਟੀਮਾਂ ਵੀ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੀਆਂ ਗਈਆਂ ਹਨ ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਮੁਸ਼ਤੈਦ ਹਨ।