ਵਿਧਾਨ ਸਭਾ ਸੈਸ਼ਨ: ਅਕਾਲੀਆਂ ਨੇ ਪੈਂਤੜਾ ਬਦਲਿਆ
ਬਰਗਾੜੀ ਕਾਂਡ ਜਾਂਚ ਦੇ ਗਵਾਹ ਨੰਬਰ 245 ਭਾਈ ਹਿੰਮਤ ਸਿੰਘ ਦੇ ਅਪਣੇ ਪਹਿਲੇ ਬਿਆਨਾਂ ਤੋਂ ਪਲਟ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਕਸੀਜਨ ਮਿਲ ਗਈ ਲਗਦੀ ਹੈ...........
ਚੰਡੀਗੜ੍ਹ : ਬਰਗਾੜੀ ਕਾਂਡ ਜਾਂਚ ਦੇ ਗਵਾਹ ਨੰਬਰ 245 ਭਾਈ ਹਿੰਮਤ ਸਿੰਘ ਦੇ ਅਪਣੇ ਪਹਿਲੇ ਬਿਆਨਾਂ ਤੋਂ ਪਲਟ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਕਸੀਜਨ ਮਿਲ ਗਈ ਲਗਦੀ ਹੈ। ਅਕਾਲੀ ਦਲ ਨੇ ਗਵਾਹ ਨੰਬਰ 245 ਨੂੰ ਅਪਣੇ ਹੱਕ ਵਿਚ ਭੁਗਤਦਿਆਂ ਵੇਖ ਕੇ ਵਿਧਾਨ ਸਭਾ ਦੇ ਸੈਸ਼ਨ ਲਈ ਇਕਦਮ ਪੈਂਤੜਾ ਬਦਲ ਲਿਆ ਹੈ। ਅਕਾਲੀ ਦਲ ਦੇ ਵਿਧਾਇਕ ਮਾਨਸੂਨ ਸੈਸ਼ਨ ਵਿਚ ਪੂਰੀ ਤਿਆਰੀ ਨਾਲ ਸ਼ਾਮਲ ਹੋਣਗੇ। ਦਲ ਨੇ ਰਣਨੀਤੀ ਘੜਨ ਲਈ 23 ਨੂੰ ਮੀਟਿੰਗ ਰੱਖ ਲਈ ਹੈ। ਵਿਧਾਨ ਸਭਾ ਦਾ ਸੈਸ਼ਨ 24 ਅਗੱਸਤ ਨੂੰ ਬਾਅਦ ਦੁਪਹਿਰ ਤੋਂ ਸ਼ੁਰੂ ਹੋ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੰਨ ਦਿਨ ਪਹਿਲਾਂ ਇਕ ਸਮਾਗਮ ਦੌਰਾਨ ਬੋਲਦਿਆਂ ਵਿਧਾਨ ਸਭਾ ਸੈਸ਼ਨ ਤੋਂ ਦੂਰ ਰਹਿਣ ਦੇ ਸੰਕੇਤ ਦਿਤੇ ਸਨ। ਉਸ ਤੋਂ ਅਜੇ ਇਕ ਦਿਨ ਪਹਿਲਾਂ ਰੋਜ਼ਾਨਾ ਸਪੋਕਸਮੈਨ ਦੇ ਪਹਿਲੇ ਪੰਨੇ 'ਤੇ ਛਪੀ ਮੁੱਖ ਖ਼ਬਰ 'ਬਰਗਾੜੀ ਕਾਂਡ ਦੀ ਦਾਸਤਾਂ-ਗਵਾਹ ਨੰਬਰ 245 ਦੀ ਜ਼ੁਬਾਨੀ' ਨੇ ਅਕਾਲੀਆਂ ਸਮੇਤ ਉਚ ਪੁਲਿਸ ਅਫ਼ਸਰਾਂ ਨੂੰ ਹਲੂਣ ਕੇ ਰੱਖ ਦਿਤਾ ਸੀ ਅਤੇ ਅਕਾਲੀ ਦਲ ਨੇ ਅਪਣੀ ਜਾਨ ਬਚਾਉਣ ਲਈ ਸਦਨ ਤੋਂ ਦੂਰ ਰਹਿਣ ਦਾ ਸੰਕੇਤ ਦੇ ਦਿਤਾ ਸੀ।
ਤਿੰਨ ਦਿਨ ਪਹਿਲਾਂ 19 ਅਗੱਸਤ ਨੂੰ ਭਾਈ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿਤੇ ਜਾਣ ਬਿਆਨ ਤੋਂ ਮੁਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਦਬਾਅ ਬਣਾਉਣ ਦੇ ਦੋਸ਼ ਲਾ ਦਿਤੇ ਸਨ। ਉਸ ਨੇ ਕਮਿਸ਼ਨ ਅੱਗੇ ਬਿਆਨ ਦੇਣ ਲਈ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਪਹਿਲਾਂ ਮੰਤਰੀ ਰੰਧਾਵਾ ਨਾਲ ਮੁਲਾਕਾਤ ਦੀਆਂ ਤਸਵੀਰਾਂ ਵੀ ਮੀਡੀਆ ਸਾਹਮਣੇ ਲਿਆ ਦਿਤੀਆਂ ਸਨ। ਇਹ ਵਖਰੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਤੇ ਭਾਈ ਹਿੰਮਤ ਸਿੰਘ ਦੀ ਚੰਡੀਗੜ੍ਹ ਵਿਚ ਕਰਵਾਈ ਪ੍ਰੈਸ ਕਾਨਫ਼ਰੰਸ ਆਯੋਜਤ ਕਰਨ ਦੇ ਦੋਸ਼ ਲੱਗੇ ਸਨ।
ਇਕ ਵੀਡੀਉ ਵੀ ਤੇਜ਼ੀ ਨਾਲ ਵਾਇਰਲ ਹੋਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਗਿਆਨੀ ਗੁਰਮੁਖ ਸਿੰਘ ਨੂੰ ਇਕ ਖ਼ਾਸ ਸੌਦੇ ਤਹਿਤ ਮੁੜ ਤੋਂ ਅਕਾਲ ਤਖ਼ਤ ਸਾਹਿਬ ਦਾ ਹੈੱਡ ਗੰ੍ਰਥੀ ਲਾਇਆ ਗਿਆ ਹੈ। ਇਸ ਸੌਦੇ ਤਹਿਤ ਵੀ ਪੰਜਾਬ ਦੀ ਇਕ 'ਪੰਥਕ ਪਾਰਟੀ' ਨੂੰ ਬਰਗਾੜੀ ਕਾਂਡ ਦੀ ਜਾਂਚ ਰੀਪੋਰਟ ਵਿਚ ਲੱਗੇ ਦੋਸ਼ਾਂ ਤੋਂ ਬਚਾਉਣਾ ਹੈ। ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸੈਸ਼ਨ ਵਿਚ ਹਾਜ਼ਰੀ ਭਰਨ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਨੂੰ ਅੱਜ ਸਵੇਰ ਤੋਂ ਬੁਖ਼ਾਰ ਦਸਿਆ ਜਾ ਰਿਹਾ ਹੈ। ਸ. ਬਾਦਲ ਪਿਛਲੇ ਸੈਸ਼ਨ ਤੋਂ ਵੀ ਦੂਰ ਰਹੇ ਸਨ।
ਪੰਜਾਬ ਵਿਧਾਨ ਸਭਾ ਵਿਚ ਹਾਕਮ ਪਾਰਟੀ ਕਾਂਗਰਸ ਨੂੰ ਬਹੁਮਤ ਪ੍ਰਾਪਤ ਹੈ। ਇਸ ਦੇ 76 ਵਿਧਾਇਕ ਚੁਣੇ ਗਹੇ ਸਨ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੇ 16, ਆਮ ਆਦਮੀ ਪਾਰਟੀ ਦੇ 22 ਉਮੀਦਵਾਰ ਐਮ.ਐਲ.ਏ ਬਣੇ ਸਨ। ਨਵੀਂ ਬਣੀ ਲੋਕ ਇਨਸਾਫ਼ ਪਾਰਟੀ ਦੇ ਵੀ ਦੋ ਵਿਧਾਇਕ ਹਨ। ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਬੁਰੀ ਤਰ੍ਹਾਂ ਦੋਫਾੜ ਹੋ ਗਈ ਹੈ। ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ 8 ਵਿਰੋਧੀ ਵਿਧਾਇਕ ਆ ਜੁੜੇ ਹਨ।
ਨਵੀਂ ਸਥਿਤੀ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ 'ਤੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਆਪ ਦੇ ਦੋ ਧੜੇ ਵਿਧਾਨ ਸਭਾ ਸੈਸ਼ਨ ਵਿਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿਚ ਕਿਵੇਂ ਦਾ ਰੋਲ ਕਰਦੇ ਹਨ, ਇਹ ਦਿਲਚਸਪੀ ਦਾ ਕੇਂਦਰ ਬਣਿਆ ਰਹੇਗਾ। ਸਾਬਕਾ ਸਿਖਿਆ ਮੰਤਰੀ ਅਤੇ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ
ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਸੈਸ਼ਨ ਵਿਚ ਸ਼ਮੂਲੀਅਤ ਕਰਨਗੇ ਅਤੇ ਰਣਨੀਤੀ ਤਿਆਰ ਕਰਨ ਲਈ ਸੈਸ਼ਨ ਤੋਂ ਪਹਿਲਾਂ ਮੀਟਿੰਗ ਸੱਦ ਲਈ ਗਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੈਸ਼ਨ ਤੋਂ ਦੂਰ ਰਹਿਣ ਦੇ ਦਿਤੇ ਸੰਕੇਤਾਂ ਦੀ ਖ਼ਬਰ ਮੀਡੀਆ ਨੇ ਅਪਣੀ ਮਰਜ਼ੀ ਨਾਲ ਤੋੜ ਮਰੋੜ ਕੇ ਲਾ ਦਿਤੀ ਸੀ।