ਪਿੰਡ ਨਸੀਰਪੁਰ 'ਚ ਹੜ੍ਹ ਨਾਲ ਮਚੀ ਤਬਾਹੀ ਦਾ ਖ਼ੌਫ਼ਨਾਕ ਮੰਜਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ 'ਚ ਹਾਲਾਤ ਗੰਭੀਰ ਬਣੇ, ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ

Special flood report from village Nasirpur

ਜਲੰਧਰ : ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਸਥਾਨਕ ਲੋਕਾਂ ਦੀ ਮਦਦ ਕਰਨ ਲਈ ਫ਼ੌਜ ਤਾਇਨਾਤ ਕੀਤੀ ਗਈ ਹੈ। ਫ਼ਿਰੋਜ਼ਪੁਰ, ਰੋਪੜ, ਅਨੰਦਪੁਰ ਸਾਹਿਬ, ਜਲੰਧਰ, ਸੁਲਤਾਨਪੁਰ ਲੋਧੀ ਆਦਿ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਹੜ੍ਹ ਦਾ ਪਾਣੀ ਅਜੇ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਘਰਾਂ ਵਿਚ ਫਸੇ ਸੈਂਕੜੇ ਪਰਵਾਰਾਂ ਨੂੰ ਫ਼ੌਜ ਵਲੋਂ ਖਾਣ-ਪੀਣ ਦਾ ਸਮਾਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹੈ। ਗੁਰਦੁਆਰਾ ਸਾਹਿਬ ਵਲੋਂ ਵੀ ਲੋਕਾਂ ਲਈ ਲੰਗਰ ਤਿਆਰ ਕਰ ਕੇ ਫ਼ੌਜ ਦੀ ਮੋਟਰ ਬੋਟ ਦੀ ਮਦਦ ਰਾਹੀਂ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਫ਼ੌਜ ਵਲੋਂ ਘਰਾਂ ਵਿੱਚ ਮੌਜੂਦ ਲੋਕਾਂ ਲਈ ਡਾਕਟਰਾਂ ਦੀ ਟੀਮ ਤੇ ਦਵਾਈਆਂ ਦੀ ਇੰਤਜਾਮ ਵੀ ਕੀਤਾ ਜਾ ਰਿਹਾ ਹੈ।

ਇਸ ਮੌਕੇ 'ਸਪੋਕਸਮੈਨ ਟੀਵੀ' ਦੀ ਟੀਮ ਨੇ ਜ਼ਿਲ੍ਹਾ ਜਲੰਧਰ ਦੇ ਪਿੰਡ ਨਸੀਰਪੁਰ , ਜੋ ਹੜ੍ਹ ਦੀ ਮਾਰ ਝੱਲ ਰਿਹਾ ਹੈ, 'ਚ ਚੱਲ ਰਹੇ ਰਾਹਤ ਕਾਰਜਾਂ ਨੂੰ ਅੱਖੀਂ ਵੇਖਿਆ। ਇਸ ਮੌਕੇ ਫ਼ੌਜੀ ਜਵਾਨ ਅਕੀਲ ਅਹਿਮਦ ਨੇ ਦੱਸਿਆ ਕਿ ਉਹ ਪਿਛਲੇ 5 ਦਿਨ ਤੋਂ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਪਾਣੀ, ਖਾਣ-ਪੀਣ ਦਾ ਸਮਾਨ, ਦਵਾਈਆਂ ਆਦਿ ਪਹੁੰਚਾ ਰਹੇ ਹਨ। ਫ਼ੌਜ ਰਾਤ-ਦਿਨ ਕੰਮ ਕਰ ਰਹੀ ਹੈ। ਪੂਰੇ ਇਲਾਕੇ 'ਚ 8 ਤੋਂ 10 ਫ਼ੁਟ ਤਕ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਸ਼ਕਲ 'ਚ ਘਿਰੇ ਲੋਕਾਂ ਨੂੰ ਸੁਰੱਖਿਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਇਲਾਕੇ 'ਚ ਫ਼ੌਜ ਦੀਆਂ 5 ਯੂਨਿਟਾਂ ਕੰਮ ਕਰ ਰਹੀਆਂ ਹਨ। ਹਾਲਾਤ ਗੰਭੀਰ ਬਣੇ ਹੋਏ ਹਨ ਅਤੇ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ। 

ਪਿੰਡ ਨਸੀਰਪੁਰ 'ਚ ਹਾਲਾਤ ਬਹੁਤ ਮਾੜੇ ਬਣੇ ਹੋਏ ਹਨ। ਲੋਕ ਘਰ ਦੀਆਂ ਛੱਤਾਂ 'ਤੇ ਬੈਠੇ ਹੋਏ ਹਨ। ਲੋਕਾਂ ਨੇ ਲੋੜੀਂਦਾ ਸਾਮਾਮ ਵੀ ਛੱਤਾਂ 'ਤੇ ਰੱਖਿਆ ਹੋਇਆ ਹੈ। ਪਿੰਡ ਵਾਸੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਹੁਣ ਤਕ ਨਹੀਂ ਆਇਆ। ਲੋਕਾਂ ਦੇ ਘਰਾਂ 'ਚ ਚੁੱਲ੍ਹਾ ਤਕ ਨਹੀਂ ਬੱਲ ਰਿਹਾ। ਲੋਕ ਪਿੰਡ ਦੇ ਬਾਹਰੋਂ ਲੰਗਰ ਲਿਆ ਕਿ ਪਰਵਾਰ ਦਾ ਢਿੱਡ ਭਰ ਰਹੇ ਹਨ। ਪਿੰਡ ਅੰਦਰ 4-4 ਫੁਟ ਤਕ ਪਾਣੀ ਚੜ੍ਹਿਆ ਹੋਇਆ ਹੈ। ਕਈ ਪਿੰਡ ਵਾਸੀ ਤਾਂ ਆਪਣੇ ਘਰ ਛੱਡ ਕੇ ਦੂਰ ਰਿਸ਼ਤੇਦਾਰਾਂ ਕੋਲ ਜਾ ਚੁੱਕੇ ਹਨ। 

ਪਿੰਡ ਵਾਸੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਹੜ੍ਹ ਨੇ ਉਨ੍ਹਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਫਸਲਾਂ ਡੁੱਬ ਚੁੱਕੀਆਂ ਹਨ। ਪਸ਼ੂ-ਡੰਗਰ ਭੱਖ ਨਾਲ ਤੜਪ ਰਹੇ ਹਨ। ਪੀਣ ਲਈ ਸਾਫ਼ ਪਾਣੀ ਨਹੀਂ ਹੈ। ਬਿਜਲੀ ਤਾਂ ਪਿਛਲੇ ਇਕ ਹਫ਼ਤੇ ਤੋਂ ਬੰਦ ਪਈ ਹੈ। ਉਹ ਲੰਗਰ ਦੇ ਸਹਾਰੇ ਸਮਾਂ ਕੱਟ ਰਹੇ ਹਨ। 

ਪਿੰਡ ਵਾਸੀ ਰਾਜ ਕੁਮਾਰ ਨੇ ਫ਼ੌਜੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜਾ ਕੰਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰਨਾ ਚਾਹੀਦਾ ਸੀ, ਉਹ ਫ਼ੌਜੀ ਕਰ ਰਹੇ ਹਨ। ਇਲਾਕੇ 'ਚ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ। ਉਨ੍ਹਾਂ ਦੇ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਆ ਚੁੱਕੀਆਂ ਹਨ। ਰਾਤਾਂ ਵੀ ਕੋਠੇ 'ਤੇ ਸੌ ਕੇ ਗੁਜਾਰ ਰਹੇ ਹਨ। ਜੇ ਛੇਤੀ ਹੀ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਕੋਈ ਵੱਡੀ ਬੀਮਾਰੀ ਫੈਲ ਸਕਦੀ ਹੈ। ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਖਰਾਬ ਹੋ ਚੁੱਕਾ ਹੈ। 

ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਸ਼ੁਰੂ 'ਚ ਸਤਲੁਜ ਨਹਿਰ ਦਾ ਪਾਣੀ ਵਧਿਆ ਸੀ ਤਾਂ ਉਨ੍ਹਾਂ ਨੇ ਮਦਦ ਲਈ ਇਲਾਕੇ ਦੀ ਐਸਡੀਐਮ ਚਾਰੁਮਿਤਾ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੂੰ ਦੱਸਿਆ ਸੀ ਕਿ ਬੁਢਲਾਡਾ ਕੋਲ ਨਹਿਰ 'ਚ ਪਾੜ ਪੈ ਗਿਆ ਹੈ, ਜਿਸ ਨੂੰ ਛੇਤੀ ਭਰਨ ਦੀ ਲੋੜ ਹੈ, ਨਹੀਂ ਤਾਂ ਪਾਣੀ ਉਨ੍ਹਾਂ ਦੇ ਇਲਾਕੇ 'ਚ ਆ ਜਾਵੇਗਾ। ਪਰ ਐਸਡੀਐਮ ਨੇ ਕਹਿ ਦਿੱਤਾ ਕਿ ਉਹ ਅੱਜ ਨਹੀਂ ਕੱਲ੍ਹ ਨੂੰ ਆਉਣਗੇ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਲਗਭਗ 1200 ਕਿਲ੍ਹੇ 'ਚ ਲੱਗੀ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਛੱਤਾਂ 'ਤੇ ਤਰਪਾਲਾਂ ਪਾ ਕੇ ਆਪਣੇ ਸਾਮਾਨ ਢਕੇ ਹੋਏ ਹਨ। 

ਪਿੰਡ ਵਾਸੀ ਬਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਅੰਦਰ 4 ਫੁਟ ਪਾਣੀ ਭਰਿਆ ਹੋਇਆ ਹੈ। ਪਾਣੀ ਕਾਰਨ ਲਗਭਗ ਸਾਰਾ ਸਾਮਾਨ ਖ਼ਰਾਬ ਹੋ ਚੁੱਕਾ ਹੈ। ਉਹ ਕੋਠੇ ਦੇ ਦਿਨ-ਰਾਤ ਕੱਟ ਰਹੇ ਹਨ। ਪੀਣ ਲਈ ਪਾਣੀ ਨਹੀਂ ਹੈ। ਰਾਜ ਕੁਮਾਰ ਨੇ ਦੱਸਿਆ ਕਿ ਪਾਣੀ ਘਟਣ ਦੀ ਥਾਂ ਵੱਧਦਾ ਹੀ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਪਰਵਾਰ ਨੂੰ ਸੁਰੱਖਿਅਤ ਥਾਂ 'ਤੇ ਭੇਜ ਦਿੱਤਾ ਹੈ। ਪਸ਼ੂ ਸਾਰਾ ਦਿਨ ਪਾਣੀ 'ਚ ਖੜੇ ਰਹਿੰਦੇ ਹਨ। ਉਨ੍ਹਾਂ ਦੇ ਖਾਣ ਲਈ ਚਾਰੇ ਦਾ ਵੀ ਪ੍ਰਬੰਧ ਨਹੀਂ ਹੋ ਰਿਹਾ ਹੈ। ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਲੋਕ ਬੀਮਾਰ ਪੈਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਫੋੜੇ ਆਦਿ ਵੀ ਨਿਕਲ ਚੁੱਕੇ ਹਨ। 

ਪਿੰਡ 'ਚ ਪਸ਼ੂਆਂ ਲਈ ਚਾਰੇ ਦੀ ਟਰਾਲੀ ਲੈ ਕੇ ਪੁੱਜੇ ਨੌਜਵਾਨਾਂ ਨੇ ਦੱਸਿਆ ਕਿ ਉਹ 5-5 ਫੁੱਟ ਪਾਣੀ 'ਚੋਂ ਲੰਘ ਕੇ ਇਥੇ ਤਕ ਪੁੱਜੇ ਹਨ। ਉਹ ਸ਼ਹਿਰ ਤੋਂ ਚਾਰਾ ਲਿਆ ਰਹੇ ਹਨ। ਇਹ ਚਾਰਾ ਪਿੰਡ ਦੇ ਸਾਰੇ ਪਸ਼ੂਆਂ ਨੂੰ ਦਿੱਤਾ ਜਾਵੇਗਾ। ਲੋਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕਿੰਨੀ ਹੀ ਵਾਰ ਬੰਨ੍ਹ ਨੂੰ ਪੱਕਾ ਕਰਵਾਉਣ ਦੀ ਮੰਗ ਕੀਤੀ ਪਰ ਅੱਜ ਤਕ ਕੋਈ ਸੁਣਵਾਈ ਨਹੀਂ ਹੋਈ। ਲੋਕਾਂ ਨੇ ਕਿਹਾ ਕਿ ਜੇ ਕਰ ਸਮੇਂ ਸਿਰ ਸਰਕਾਰੀ ਮਦਦ ਮਿਲ ਜਾਂਦੀ ਤਾਂ ਨਹਿਰ 'ਚ ਪਏ ਪਾੜ ਨੂੰ ਛੇਤੀ ਬੰਦ ਕੀਤਾ ਜਾ ਸਕਦਾ ਸੀ ਅਤੇ ਜਿਹੜੇ 35-40 ਪਿੰਡਾਂ ਦਾ ਨੁਕਸਾਨ ਹੋਇਆ ਹੈ, ਉਸ ਤੋਂ ਬਚਿਆ ਜਾ ਸਕਦਾ ਸੀ। ਪਰ ਉਦੋਂ ਕਿਸੇ ਅਧਿਕਾਰੀ ਨੇ ਫ਼ੋਨ ਨਾ ਚੁੱਕਿਆ ਅਤੇ ਜਦੋਂ ਪਾੜ ਪੈ ਗਿਆ ਤਾਂ ਅਗਲੇ ਦਿਨ ਅਧਿਕਾਰੀ ਆਪਣੀ ਟੀਮ ਲੈ ਕੇ ਪੁੱਜ ਗਏ। 

ਪਿੰਡ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਹੜ੍ਹ ਦੀ ਸੂਚਨਾ ਮਿਲੀ ਸੀ ਤਾਂ ਉਨ੍ਹਾਂ ਨੇ ਆਪਣੇ ਲਏ ਰਾਸ਼ਨ-ਪਾਣੀ ਦਾ ਪ੍ਰਬੰਧ ਕਰ ਲਿਆ ਸੀ। ਉਨ੍ਹਾਂ ਦੇ ਘਰ ਅੰਦਰ 4 ਫੁਟ ਪਾਣੀ ਭਰਿਆ ਹੋਇਆ ਹੈ। ਉਹ ਪਰਵਾਰ ਨਾਲ ਪਹਿਲੀ ਮੰਜਲ 'ਤੇ ਰਹਿ ਰਹੇ ਹਨ। ਉਨ੍ਹਾਂ ਦੀ ਫ਼ਸਲ ਪੂਰੀ ਖ਼ਰਾਬ ਹੋ ਚੁੱਕੀ ਹੈ। ਪਸ਼ੂਆਂ ਨੂੰ ਖਾਣ ਲਈ ਪੂਰਾ ਨਹੀਂ ਪੈ ਰਿਹਾ। ਉਨ੍ਹਾਂ ਮੰਗ ਕੀਤੀ ਸੀ ਬੰਨ੍ਹ ਨੂੰ ਹੋਰ ਉੱਚਾ ਤੇ ਪੱਕਾ ਕੀਤਾ ਜਾਣਾ ਚਾਹੀਦਾ ਹੈ।

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 32 ਕਿੱਲੇ 'ਚ ਬੀਜੀ ਸਾਰੀ ਫ਼ਸਲ ਡੁੱਬ ਚੁੱਕੀ ਹੈ। ਉਸ ਦਾ ਕੁਲ 22 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਬਾਦਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਧੁੱਸੀ ਬੰਨ੍ਹ 'ਤੇ 3-3 ਫੁਟ ਮਿੱਟੀ ਪਾ ਕੇ ਉਸ ਨੂੰ ਉੱਚਾ ਕਰਨਗੇ, ਪਰ ਉਨ੍ਹਾਂ ਆਪਣਾ ਵਾਅਦਾ ਪੂਰਾ ਨਾ ਕੀਤਾ, ਜਿਸ ਦਾ ਨਤੀਜਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ।