ਕਾਂਗਰਸ ਵਿਧਾਇਕ ਦੇ ਦਫ਼ਤਰ ਬਾਹਰ ਯੂਥ ਅਕਾਲੀ ਦਲ ਨੇ ਸੁੱਟਿਆ ਗੰਦਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਥ ਅਕਾਲੀ ਦਲ ਦੇ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਵਿਰੁਧ ਨਾਹਰੇਬਾਜ਼ੀ ਕੀਤੀ

Youth Akali Dal Protest

ਲੁਧਿਆਣਾ : ਲੁਧਿਆਣਾ ਵਿਚ ਗੰਦੇ ਨਾਲੇ ਦਾ ਪਾਣੀ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ, ਕਿਉਂਕਿ ਪਾਣੀ ਦਾ ਪੱਧਰ ਵਧਣ ਨਾਲ  ਗੰਦਾ ਪਾਣੀ ਸੀਵਰੇਜ਼ ਰਾਹੀਂ ਘਰਾਂ ਵਿਚ ਦਾਖਲ ਹੋ ਚੁੱਕਾ ਹੈ, ਜਿਸ ਨੂੰ ਲੈ ਕੇ ਜਿਥੇ ਲੋਕਾਂ ਵਿਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਹੁਣ ਯੂਥ ਅਕਾਲੀ ਦਲ ਦੇ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਵਿਰੁਧ ਨਾਹਰੇਬਾਜ਼ੀ ਕੀਤੀ ਗਈ।

ਸਿਰਫ਼ ਇਨ੍ਹਾਂ ਹੀ ਨਹੀਂ, ਪ੍ਰਦਰਸ਼ਨਕਾਰੀਆਂ ਨੇ ਬਾਲਟੀਆਂ ਰਾਹੀਂ ਗੰਦਾ ਪਾਣੀ ਇਕੱਠਾ ਕਰ ਕੇ ਇਲਾਕੇ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਦਫ਼ਤਰ ਦੇ ਬਾਹਰ ਸੁੱਟਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ, ਜਦਕਿ ਇਲਾਕੇ ਦੇ ਵਿਧਾਇਕ ਇਸ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਗਾਲਾਂ ਕੱਢ ਕੇ ਭਜਾ ਰਹੇ ਹਨ।

ਗੋਸ਼ਾ ਨੇ ਕਿਹਾ ਕਿ ਇਲਾਕੇ 'ਚ ਪਿਛਲੇ 5 ਦਿਨ ਤੋਂ ਬੁੱਢੇ ਨਾਲੇ ਦਾ ਗੰਦਾ ਪਾਣੀ ਖੜਾ ਹੈ, ਜਿਸ ਕਾਰਨ ਲੋਕਾਂ ਦੀ ਜੀਊਣਾ ਮੁਸ਼ਕਲ ਹੋਇਆ ਪਿਆ ਹੈ। ਲੋਕ ਬੀਮਾਰ ਹੋ ਰਹੇ ਹਨ। ਅਜਿਹੇ ਸਮੇਂ ਲੋਕਾਂ ਦੀ ਮਦਦ ਕਰਨ ਦੀ ਥਾਂ ਇਲਾਕਾ ਵਿਧਾਇਕ ਲੋਕਾਂ ਨੂੰ ਹੀ ਗਾਲਾਂ ਕੱਢੀਆਂ, ਜੋ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਉਹ ਇਥੇ ਖੜੇ ਪਾਣੀ ਨੂੰ ਵਿਧਾਇਕ ਨੂੰ ਤੋਹਫ਼ੇ ਵਜੋਂ ਦੇਣ ਲਈ ਇਕੱਤਰ ਹੋਏ ਹਨ। ਜੇ ਵਿਧਾਇਕ 30 ਸਾਲਾਂ 'ਚ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਸਕਿਆ ਤਾਂ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਗਲੇ 100 ਸਾਲ 'ਚ ਵੀ ਇਹ ਸਮੱਸਿਆ ਦੂਰ ਹੋਵੇਗੀ। 

ਉਧਰ ਦੂਜੇ ਪਾਸੇ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਇਹ ਵੱਡੀ ਸਮੱਸਿਆ ਹੈ। ਇਸ ਦੇ ਹੱਲ ਲਈ ਨਗਰ ਨਿਗਮ ਅਤੇ ਸਰਕਾਰ ਜੁਟੀ ਹੋਈ ਹੈ, ਪਰ ਮੁਜ਼ਾਹਰੇ ਕਰਨ ਅਤੇ ਧਰਨੇ ਲਾਉਣ ਨਾਲ ਇਸ ਦਾ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਰਾਜਨੀਤੀ ਕਰ ਰਿਹਾ ਹੈ। ਪਾਂਡੇ ਨੇ ਦਾਅਵਾ ਕੀਤਾ ਕਿ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ।