ਧਰਨੇ ਤੋਂ ਵਾਪਸ ਆ ਰਹੀ ਕਿਸਾਨਾਂ ਦੀ ਬੱਸ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ ਤੇ 11 ਜ਼ਖਮੀ
ਪਿੰਡ ਬਾਦਲ ਤੋਂ ਧਰਨਾ ਦੇ ਕੇ ਪਰਤ ਰਹੇ ਸੀ ਕਿਸਾਨ
ਬਠਿੰਡਾ: ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਬਿਲਾਂ ਦਾ ਵਿਰੋਧ ਪੂਰੇ ਪੰਜਾਬ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦਿਆਂ ਬੀਤੇ ਦਿਨ ਪਿੰਡ ਬਾਦਲ ਤੋਂ ਧਰਨਾ ਦੇ ਕੇ ਵਾਪਸ ਆ ਰਹੇ ਕਿਸਾਨਾਂ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਇਕ ਦੀ ਮੌਤ ਹੋਣ ਦੀ ਖ਼ਬਰ ਆਈ ਹੈ।
ਇਸ ਤੋਂ ਇਲਾਵਾ 11 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਜਾਰੀ ਹੈ। ਇਹ ਹਾਦਸਾ ਬਠਿੰਡਾ ਦੇ ਪਿੰਡ ਕੋਟ ਫੱਤਾ ਦੇ ਨੇੜੇ ਵਾਪਰਿਆ। ਇਸ ਦੌਰਾਨ ਕਿਸਾਨ ਯੂਨੀਅਨ ਦੀ ਇਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋਈ। ਇਹ ਕਿਸਾਨ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਦੇ ਦੱਸੇ ਜਾ ਰਹੇ ਹਨ।
ਦੱਸ ਦਈਏ ਕਿ ਖੇਤੀ ਬਿਲਾਂ ਖਿਲਾਫ ਪੂਰੇ ਪੰਜਾਬ ਦੇ ਕਿਸਾਨਾਂ ਵਿਚ ਰੋਹ ਦੇਖਣ ਨੂੰ ਮਿਲ ਰਿਹਾ ਹੈ। ਇਸ ਰੋਹ ਦੇ ਚਲਦਿਆਂ ਪੰਜਾਬ ਦੇ ਕਿਸਾਨਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ 25 ਸਤੰਬਰ ਨੂੰ ਵੀ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਕੇਂਦਰ ਸਰਕਾਰ ਇਹਨਾਂ ਬਿਲਾਂ ਨੂੰ ਰੱਦ ਕਰਨ ਲਈ ਮਜਬੂਰ ਹੋਵੇ।