ਪੁਲਿਸ ਅੱਗੇ ਨਹੀਂ ਪੇਸ਼ ਹੋਏ ਸੁਮੇਧ ਸੈਣੀ, ਉਡੀਕ ਕਰਕੇ ਵਾਪਸ ਗਈ ਸਿੱਟ
ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲਾ
ਮੋਹਾਲੀ: ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲੇ ਵਿਚ ਨਾਮਜ਼ਦ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅੱਜ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਿੱਟ ਵੱਲੋਂ ਮੋਹਾਲੀ ਦੇ ਮਟੌਰ ਥਾਣੇ ਵਿਖੇ ਸੱਦਿਆ ਗਿਆ ਸੀ। ਪਰ ਇਸ ਦੌਰਾਨ ਸੁਮੇਧ ਸੈਣੀ ਪੇਸ਼ੀ ਵਿਚ ਸ਼ਾਮਲ ਨਹੀਂ ਹੋਏ। 1 ਵਜੇ ਤੱਕ ਸੁਮੇਧ ਸੈਣੀ ਵੱਲੋਂ ਥਾਣੇ ਨਾ ਪਹੁੰਚਣ ਕਾਰਨ ਸਿੱਟ ਦੇ ਅਧਿਕਾਰੀ ਵਾਪਸ ਚਲੇ ਗਏ। ਇਸ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਗੱਲਬਾਤ ਨਹੀਂ ਕੀਤੀ।
ਉਧਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਸ ਦੌਰਾਨ ਐਡਵੋਕੇਟ ਵਿਨੋਦ ਘਈ ਨੇ ਦੱਸਿਆ ਕਿ ਸੁਮੇਧ ਸੈਣੀ ਨੂੰ ਕਿਸੇ ਵੀ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਇਕ ਹਫ਼ਤੇ ਦਾ ਨੋਟਿਸ ਦੇਣਾ ਪਵੇਗਾ।
ਦੱਸ ਦਈਏ ਕਿ ਇਸ ਜਾਂਚ ਟੀਮ ਵਿਚ ਐਸ.ਪੀ. ਹਰਮਨਦੀਪ ਹੰਸ, ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਅਤੇ ਮਟੌਰ ਥਾਣੇ ਦੇ ਐਸ.ਐਚ.ਓ. ਰਾਜੀਵ ਕੁਮਾਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕਿ 21 ਸਤੰਬਰ ਨੂੰ ਸਵੇਰੇ 11 ਵਜੇ ਸੁਮੇਧ ਸੈਣੀ ਨੂੰ ਇਕ ਨੋਟਿਸ ਭੇਜ ਕੇ 23 ਸਤੰਬਰ ਨੂੰ ਥਾਣਾ ਮਟੌਰ ਵਿਖੇ ਜਾਂਚ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ।
ਦੱਸਣਯੋਗ ਹੈ ਕਿ ਮਟੌਰ ਥਾਣੇ ਵਿਚ ਸੁਮੇਧ ਸੈਣੀ ਵਿਰੁਧ ਮਿਤੀ 06-05-2020 ਨੂੰ ਆਈ.ਪੀ.ਸੀ ਦੀ ਧਾਰਾ 364, 201, 344, 330, 219, 120-ਬੀ ਦਰਜ ਕੀਤਾ ਗਿਆ ਸੀ ਅਤੇ ਤਫ਼ਤੀਸ਼ ਦੌਰਾਨ 21-08-2020 ਨੂੰ ਜ਼ੁਰਮ ਵਿਚ ਵਾਧਾ ਕਰਦਿਆਂ ਆਈ.ਪੀ.ਸੀ ਦੀ ਧਾਰਾ 302 ਦਾ ਵਾਧਾ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਅੱਜ ਸੁਮੇਧ ਸੈਣੀ ਕੋਲੋਂ 80 ਅਹਿਮ ਸਵਾਲ ਪੁੱਛੇ ਜਾਣ ਦੀ ਸੰਭਾਵਨਾ ਸੀ।