ਦੇਰ ਆਵੇ...: ਨਵਜੋਤ ਸਿੱਧੂ ਦੀ ਸਿਆਸਤ 'ਚ ਧਮਾਕੇਦਾਰ ਵਾਪਸੀ ਦੇ ਚਰਚੇ, ਲੱਗ ਸਕਦੈ ਵੱਡਾ ਦਾਅ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੋਂ ਇਲਾਵਾ ਡਿਪਟੀ ਸੀਐਮ ਦਾ ਅਹੁਦਾ ਮਿਲਣ ਦੇ ਅਸਾਰ

Navjot Singh Sidhu

ਚੰਡੀਗੜ੍ਹ : ਲੰਮੀ ਸਿਆਸੀ ਚੁਪੀ ਤੋਂ ਬਾਅਦ ਸਰਗਰਮੀ ਦੀ ਉਡੀਕ ਕਰ ਰਹੇ ਨਵਜੋਤ ਸਿੰਘ ਸਿੱਧੂ ਦੇ ਸਿਤਾਰੇ ਮੁੜ ਚਮਕਣ ਦੀਆਂ ਕਨਸੋਆਂ ਸਾਹਮਣੇ ਆਉਣ ਲੱਗੀਆਂ ਹਨ। ਮੀਡੀਆ ਦੇ ਇਕ ਹਿੱਸੇ ਵਲੋਂ ਕੀਤੇ ਜਾ ਰਹੇ ਦਾਅਵੇ ਮੁਤਾਬਕ ਨਵਜੋਤ ਸਿੰਧੂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਨ-ਮਟਾਵ ਸਮਾਪਤੀ ਵੱਲ ਵੱਧ ਰਿਹਾ ਹੈ। ਇੰਨਾ ਹੀ ਨਹੀਂ, ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਜਾਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਨਾਲ ਨਿਵਾਜੇ ਜਾਣ ਦੇ ਅੰਦਾਜ਼ੇ ਵੀ ਲੱਗ ਰਹੇ ਹਨ।

ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਨਵਜੋਤ ਸਿੱਧੂ ਦੇ ਕਾਂਗਰਸ 'ਚ ਮੁੜ ਸਰਗਰਮ ਹੋਣ ਦੇ ਅਨੇਕਾਂ ਕਾਰਨ ਮੌਜੂਦ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਨਵਜੋਤ ਸਿੱਧੂ 'ਚੋਂ ਕਾਂਗਰਸ ਦਾ ਭਵਿੱਖ ਵੇਖਣਾ, ਬੀਤੇ ਦਿਨੀਂ ਨਵਜੋਤ ਸਿੱਧੂ ਨੂੰ ਨੌਜਵਾਨਾਂ ਦਾ ਕੈਪਟਨ ਕਹਿਣ ਸਮੇਤ ਅਨੇਕਾਂ ਕਾਰਨ ਹਨ ਜੋ ਹਾਈ ਕਮਾਂਡ ਦੀ ਸਿੱਧੂ ਬਾਰੇ ਮਨਸ਼ਾ ਵੱਲ ਇਸ਼ਾਰਾ ਕਰਦੇ ਹਨ। ਪੰਜਾਬ ਵਿਧਾਨ ਸਭਾ ਅੰਦਰ ਖੇਤੀ ਬਿੱਲ ਪੇਸ਼ ਕਰਨ ਮੌਕੇ ਸਿੱਧੂ ਵਲੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲੇ ਗਏ ਤਰੀਫ਼ੀ-ਸ਼ਬਦ ਅਤੇ ਕੈਪਟਨ ਵਲੋਂ ਸਿੱਧੂ ਦੇ ਬੋਲਾਂ ਨੂੰ ਦਿਤੀ ਗਈ ਤਵੱਜੋਂ ਤੋਂ ਵੀ ਸਿਆਸੀ ਪੰਡਤ ਸਿੱਧੂ ਦੀ ਧਮਾਕੇਦਾਰ ਵਾਪਸੀ ਦੇ ਅੰਦਾਜ਼ੇ ਲਾ ਰਹੇ ਸਨ।

ਕਾਂਗਰਸ ਸਰਕਾਰ ਨੂੰ ਇਸ ਵੇਲੇ ਕਈ ਮੁਹਾਜ਼ਾਂ 'ਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ 'ਤੇ ਸਵਾਲ ਚੁਕ ਰਹੀਆਂ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਸੜਕਾਂ 'ਤੇ ਉਤਰੇ ਕਿਸਾਨਾਂ ਦੇ ਮਸਲੇ ਨਾਲ ਨਜਿੱਠਣ ਲਈ ਵੀ ਸਰਕਾਰ ਨੂੰ ਪਸੀਨਾ ਵਹਾਉਣਾ ਪੈ ਰਿਹਾ ਹੈ। ਵਿਰੋਧੀ ਧਿਰਾਂ ਦੇ ਤੇਜ਼-ਤਰਾਰ ਆਗੂਆਂ ਦੀਆਂ ਚੋਭਾਂ ਦਾ ਜਵਾਬ ਦੇਣ ਲਈ ਨਵਜੋਤ ਸਿੰਘ ਸਿੱਧੂ ਵਰਗੇ ਹੰਢੇ ਹੋਏ ਅਤੇ ਹਾਜ਼ਰ ਜਵਾਬ ਆਗੂ ਦੀ ਘਾਟ ਮੌਜੂਦਾ ਸਮੇਂ ਕਾਂਗਰਸ ਨੂੰ ਰੜਕ ਰਹੀ ਹੈ।

ਕਿਸਾਨੀ ਮੁੱਦੇ ਨੂੰ ਅਪਣੇ ਹੱਕ 'ਚ ਭੁਗਤਾਉਣ ਲਈ ਸਾਰੀਆਂ ਧਿਰਾਂ ਤਰਲੋਮੱਛੀ ਹੋ ਰਹੀਆਂ ਹਨ। ਬੀਤੇ ਦਿਨੀਂ ਵਿਧਾਨ ਸਭਾ 'ਚ ਪੇਸ਼ ਕੀਤੇ ਖੇਤੀ ਬਿੱਲਾਂ ਮੌਕੇ ਵਿਰੋਧੀ ਧਿਰਾਂ ਵਲੋਂ ਧਾਰਨ ਕੀਤੇ ਵਤੀਰੇ ਨੇ ਕਾਂਗਰਸ ਨੂੰ ਅਪਣਾ ਘਰ ਸੰਭਾਲਣ ਲਈ ਮਜ਼ਬੂਰ ਕੀਤਾ ਹੈ। ਵਿਰੋਧੀ ਧਿਰਾਂ ਸਰਕਾਰ ਦੇ ਹਰ ਚੰਗੇ-ਮਾੜੇ ਕਦਮ ਨੂੰ ਮਿਸ਼ਨ-2022 ਤਹਿਤ ਭੰਡਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੀਆਂ। ਅਜਿਹੇ 'ਚ ਨਵਜੋਤ ਸਿੰਘ ਸਿੱਧੂ ਵਰਗੇ ਆਗੂ ਦੀਆਂ ਸੇਵਾਵਾਂ ਕਾਂਗਰਸ ਲਈ ਵਿਰੋਧੀਆਂ ਦੇ ਹਮਲਿਆਂ ਨੂੰ ਬੇਅਸਰ ਕਰਨ ਲਈ ਢਾਲ ਬਣ ਸਕਦੀਆਂ ਹਨ।

ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ, ਦਿਆਨਦਾਰੀ ਤੇ ਗੱਲ ਸਿੱਧਾ ਮੂੰਹ 'ਤੇ ਕਹਿਣ ਦੀ ਅਦਾ ਦੇ ਵਿਰੋਧੀ ਵੀ ਕਾਇਲ ਹਨ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਵੀ ਅੱਜਕੱਲ੍ਹ ਸਿੱਧੂ ਵਾਂਗ ਬੇਬਾਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਲੋਂ ਪੰਜਾਬ ਭਾਜਪਾ ਦੇ ਪ੍ਰਧਾਨ 'ਤੇ ਹਮਲੇ ਲਈ ਖੁਦ ਨੂੰ ਜ਼ਿੰਮੇਵਾਰ ਦੱਸਣਾ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਪੰਜਾਬ 'ਚੋਂ ਦੂਜੇ ਸੂਬਿਆਂ ਨੂੰ ਜਾਂਦਾ ਪਾਣੀ ਬੰਦ ਕਰਨ ਵਰਗੇ ਬਿਆਨਾਂ ਨੂੰ ਵੀ ਇਕ ਧੱਕੜ ਤੇ ਬੇਬਾਕ ਸ਼ਬਦਾਵਲੀ ਵਰਤਣ ਵਾਲੇ ਆਗੂ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।

ਸਿੱਧੂ ਦੀ ਕਾਂਗਰਸ ਅੰਦਰ ਕਦਰ ਪੈਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਅਗਾਮੀ ਅਸੈਂਬਲੀ ਚੋਣਾਂ ਦੌਰਾਨ ਉਨ੍ਹਾਂ ਦੀ ਸਿਆਸਤ 'ਚ ਧਮਾਕੇਦਾਰ ਵਾਪਸੀ ਲਗਭਗ ਤੈਅ ਹੈ। ਲੰਮੀ ਸਿਆਸੀ ਚੁੱਪੀ ਤੋਂ ਬਾਅਦ ਵੀ ਉਨ੍ਹਾਂ ਦਾ ਸਮਝੌਤਾਵਾਦੀ ਢੰਗ-ਵਤੀਰਿਆਂ ਨੂੰ ਅਣਗੌਲਣਾ ਅਤੇ ਕਿਸਾਨੀ ਅਤੇ ਪੰਜਾਬ ਦੇ ਹਿਤਾਂ ਬਾਰੇ ਲਿਆ ਜਾ ਰਿਹਾ ਸਟੈਂਡ ਉਨ੍ਹਾਂ ਦੇ ਭਵਿੱਖੀ ਮਨਸੂਬਿਆਂ ਵੱਲ ਇਸ਼ਾਰਾ ਕਰਦਾ ਹੈ।