ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ...ਕੀ ਵਾਕਈ ਗੇਮ ਚੇਂਜਰ ਦੀ ਤਾਕਤ ਰੱਖਦੇ ਨੇ ਨਵਜੋਤ ਸਿੱਧੂ!
ਨਵਜੋਤ ਸਿੱਧੂ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ, ਅਪਣੀ ਪਾਰਟੀ ਬਣਾਉਣ ਸਮੇਤ ਦੂਜੇ ਪਾਸੇ ਜਾਣ ਦੇ ਚਰਚੇ
ਚੰਡੀਗੜ੍ਹ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮੁੜ ਵਿਵਾਦਾਂ 'ਚ ਘਿਰਦੇ ਜਾ ਰਹੇ ਹਨ। ਹਾਲ ਦੀ ਘੜੀ ਕਿਸਾਨੀ ਹੱਕਾਂ 'ਚ ਕੀਤੀ ਤਕਰੀਰ ਉਨ੍ਹਾਂ ਦੀ ਤਕਦੀਰ 'ਤੇ ਭਾਰੀ ਪੈਂਦੀ ਜਾਪ ਰਹੀ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੌਰਾਨ ਮੰਚ ਤੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਹੋਈ ਤਲਖ-ਕਲਾਮੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਿਆਸੀ ਮੰਚ ਤੋਂ ਗਾਇਬ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਸਾਹਮਣੇ ਉਸ ਦਿਨ ਦੀ ਘਟਨਾ ਬਾਰੇ ਅਹਿਮ ਇਕਸਾਫ਼ ਕੀਤੇ ਹਨ।
ਸੁਖਜਿੰਦਰ ਰੰਧਾਵਾ ਮੁਤਾਬਕ ਉਸ ਦਿਨ ਸਿੱਧੂ ਅੱਗੇ ਪਰਚੀ ਉਨ੍ਹਾਂ ਨੇ ਇੰਚਾਰਜ ਹਰੀਸ਼ ਰਾਵਤ ਦੇ ਕਹਿਣ 'ਤੇ ਰੱਖੀ ਸੀ। ਰੰਧਾਵਾ ਅਨੁਸਾਰ ਸਿੱਧੂ ਨੇ ਉਨ੍ਹਾਂ ਦਾ ਨਹੀਂ ਬਲਕਿ ਹਾਈ ਕਮਾਡ ਦਾ ਅਪਮਾਨ ਕੀਤਾ ਹੈ। ਮੰਤਰੀ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਅਜੇ ਵੀ ਪੂਰਾ ਕਾਂਗਰਸੀ ਨਹੀਂ ਮੰਨਦੇ। ਨਵਜੋਤ ਸਿੰਧ ਸਿੱਧੂ ਨੂੰ ਮਾਈਗ੍ਰੇਟ ਕਰ ਕੇ ਕਾਂਗਰਸ 'ਚ ਲਿਆਂਦਾ ਗਿਆ ਸੀ... ਬਗੈਰਾ ਬਗੈਰਾ।
ਸਿੱਧੂ ਨੂੰ ਨੇੜਿਓ ਜਾਣਨ ਵਾਲਿਆਂ ਮੁਤਾਬਕ ਸਿੱਧੂ ਇਕ ਅਜਿਹੀ ਸ਼ਖ਼ਸੀਅਤ ਦੇ ਮਾਲਕ ਹਨ ਜੋ ਕਿਸੇ ਇਕ ਵਿਚਾਰਧਾਰਾ ਨਾਲ ਬੱਝ ਕੇ ਨਹੀਂ ਰਹਿ ਸਕਦੇ। ਉਨ੍ਹਾਂ ਦੀ ਇਮਾਨਦਾਰੀ, ਦਿਆਨਦਾਰੀ ਅਤੇ ਸਿੱਧਾ ਮੂੰਹ 'ਤੇ ਗੱਲ ਦੀ ਅਦਾ ਹੀ ਉਨ੍ਹਾਂ ਦੇ ਇਕ ਜਗ੍ਹਾ ਟਿੱਕੇ ਰਹਿਣ 'ਚ ਅੜਿੱਕਾ ਬਣਦੀ ਰਹੀ ਹੈ। ਉਨ੍ਹਾਂ ਦਾ ਹੁਣ ਤਕ ਦਾ ਕਿਰਦਾਰ ਵੀ ਇਕ ਗੇਮ-ਚੇਂਜਰ ਵਾਲਾ ਰਿਹਾ ਹੈ। ਉਹ ਜਿਸ ਵੀ ਧਿਰ ਨਾਲ ਜੁੜਦੇ ਰਹੇ ਹਨ, ਉਸੇ ਦੇ ਰੰਗ 'ਚ ਰੰਗੇ ਜਾਂਦੇ ਰਹੇ ਹਨ ਅਤੇ ਦੂਜੀਆਂ ਧਿਰਾਂ 'ਤੇ ਨਿਸ਼ਾਨਾ ਸਾਧਨ ਲੱਗਿਆ ਅੱਗਾ-ਪਿੱਛਾ ਨਹੀਂ ਵੇਖਦੇ। ਕਿਸਾਨੀ ਦੀ ਗੱਲ ਕਰਨ ਲੱਗਿਆਂ ਵੀ ਉਨ੍ਹਾਂ ਨੇ ਸਿਰਫ਼ ਕਿਸਾਨੀ ਦੇ ਹੱਕਾਂ ਦੀ ਗੱਲ ਕੀਤੀ ਜੋ ਹੋਰਾਂ ਨੂੰ ਰਾਸ ਨਹੀਂ ਆਈ। ਉਨ੍ਹਾਂ ਦੀ ਇਸ ਅਦਾ 'ਤੇ ਪਹਿਲਾਂ ਵੀ ਵੱਡੇ ਸਵਾਲ ਉਠਦੇ ਰਹੇ ਹਨ ਪਰ ਸਿੱਧੂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਹ ਅਪਣੀ ਚਾਲੇ ਚਲਦੇ ਜਾ ਰਹੇ ਹਨ।
ਸੁਰਜੀਤ ਪਾਤਰ ਦੇ ਸ਼ੇਅਰ ''ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ...'' ਵਾਂਗ ਨਵਜੋਤ ਸਿੰਘ ਸਿੱਧੂ ਪਿਛਲੱਗ ਪੈੜਾਂ 'ਤੇ ਚੱਲਣ ਲਈ ਕਦੇ ਵੀ ਤਿਆਰ ਨਹੀਂ ਹੁੰਦੇ। ਉਹ ਅਜਿਹੀ ਸ਼ਖ਼ਸੀਅਤ ਹਨ, ਜਿਸ ਨੂੰ ਗੇਮ ਚੇਜਰ ਵਜੋਂ ਜੋ ਵਰਤ ਗਿਆ, ਫ਼ਾਇਦਾ ਉਸੇ ਦਾ ਹੀ ਹੁੰਦਾ ਆਇਆ ਹੈ। ਅੱਜ ਦੀ ਤਰੀਕ 'ਚ ਨਵਜੋਤ ਸਿੰਘ ਸਿੱਧੂ ਨੂੰ ਚਾਰੇ ਪਾਸਿਉਂ ਸੱਦੇ ਆ ਰਹੇ ਹਨ। ਬੀਜੇਪੀ ਉਨ੍ਹਾਂ ਨੂੰ ਅਪਣੇ ਵੱਲ ਖਿੱਚਣ ਲਈ ਬਿਆਨ ਦਾਗ਼ ਰਹੀ ਹੈ। ਜਦਕਿ ਆਮ ਆਦਮੀ ਪਾਰਟੀ ਸਮੇਤ ਦੂਜੇ ਦਲ ਉਨ੍ਹਾਂ ਨੂੰ ਅਪਣੇ ਵੱਲ ਖਿੱਚਣ ਲਈ ਅੰਦਰਖਾਤੇ ਕੋਸ਼ਿਸ਼ਾਂ ਕਰ ਰਹੇ ਹਨ।
ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਪਿਛਲੀਆਂ ਚੋਣਾਂ ਦੌਰਾਨ ਜੇਕਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਤਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਲਗਭਗ ਤੈਅ ਸੀ। ਉਸ ਸਮੇਂ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਅਪਣੇ ਨਾਲ ਜੋੜ ਕੇ ਇਕ ਹਾਰੀ ਹੋਈ ਬਾਜ਼ੀ ਹੀ ਜਿੱਤੀ ਸੀ। ਕਾਂਗਰਸ ਦੀ ਜਿੱਤ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਇਕ ਸੁਪਨੇ ਵਾਂਗ ਹੀ ਜਾਪੀ ਸੀ ਕਿਉਂਕਿ ਉਹ ਖੁਦ ਦੀ ਜਿੱਤ ਲਈ ਪੂਰੀ ਤਰ੍ਹਾਂ ਆਸ਼ਵੰਦ ਸਨ। ਅੱਜ ਕਾਂਗਰਸ ਵੀ ਸਿੱਧੂ ਨੂੰ ਅਪਣੇ ਨਾਲੋਂ ਤੋੜ ਕੇ ਆਮ ਆਦਮੀ ਪਾਰਟੀ ਵਾਲੀ ਗ਼ਲਤੀ ਕਰਦੀ ਜਾਪ ਰਹੀ ਹੈ।
ਪੰਜਾਬ ਅੰਦਰ ਕਿਸਾਨਾਂ ਦਾ ਸੰਘਰਸ਼ ਪੂਰੇ ਸਿਖਰਾਂ 'ਤੇ ਪਹੁੰਚ ਚੁੱਕਾ ਹੈ। ਕਿਸਾਨੀ ਸੰਘਰਸ਼ 'ਚੋਂ ਸਿਆਸੀ ਰਾਹਾਂ ਭਾਲਣ ਵਾਲੀਆਂ ਸਿਆਸੀ ਧਿਰਾਂ ਦੇ ਹੁਣ ਤਕ ਕੁੱਝ ਪੱਲੇ ਨਹੀਂ ਪਿਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਸਿਆਸਤਦਾਨਾਂ ਤੋਂ ਬਚ-ਬਚਾ ਕੇ ਵਿਚਰ ਰਹੀਆਂ ਹਨ। ਇਸੇ ਦੌਰਾਨ ਨਵਜੋਤ ਸਿੱਧੂ ਵਲੋਂ ਨਵੀਂ ਪਾਰਟੀ ਬਣਾਉਣ ਦੀਆਂ ਕਨਸੋਆਂ ਵੀ ਸਾਹਮਣੇ ਆ ਰਹੀਆਂ ਹਨ। ਅੰਨਾ ਹਜ਼ਾਰੇ ਦੀ ਸੰਘਰਸ਼ੀ ਲਹਿਰ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਦੇ ਸਿਖ਼ਰ 'ਤੇ ਪਹੁੰਚਾ ਗਈ ਸੀ। ਨਵਜੋਤ ਸਿੰਘ ਸਿੱਧੂ ਲਈ ਵੀ ਕਿਸਾਨੀ ਸੰਘਰਸ਼ ਇਕ ਸੁਨਹਿਰੀ ਮੌਕਾ ਸਾਬਤ ਹੋ ਸਕਦਾ ਹੈ। ਕਿਸਾਨੀ ਸੰਘਰਸ਼ ਕਈਆਂ ਦੇ ਬਣੇ ਕਿਲ੍ਹੇ ਢਾਹੁਣ ਅਤੇ ਕਈਆਂ ਦੇ ਬਣਾਉਣ ਦੀ ਤਾਕਤ ਰੱਖਦਾ ਹੈ, ਇਸ ਨੂੰ ਸਮਾਂ ਰਹਿੰਦੇ ਜੋ ਸਮਝ ਗਿਆ, ਉਹੀ ਸਮੇਂ ਦਾ ਸਿਕੰਦਰ ਬਣ ਸਕਦਾ ਹੈ।