ਕਰਤਾਰਪੁਰ ਲਾਂਘੇ 'ਤੇ ਪਾਕਿ ਦੇ ਫ਼ੈਸਲੇ ਨੇ ਮੋਦੀ ਸਰਕਾਰ ਨੂੰ ਪਾਈਆਂ ਭਾਜੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿ ਸਰਕਾਰ ਦੇ ਇਕ ਫ਼ੈਸਲੇ ਨੇ ਭਾਰਤ ਸਰਕਾਰ ਨੂੰ ਵੀ ਭਾਜੜਾਂ ਪਾ ਦਿਤੀਆਂ ਹਨ, ਜੀ ਹਾਂ ਪਾਕਿਸਤਾਨ ਸਰਕਾਰ...

Narendra Modi

ਚੰਡੀਗੜ੍ਹ (ਸ.ਸ.ਸ) : ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿ ਸਰਕਾਰ ਦੇ ਇਕ ਫ਼ੈਸਲੇ ਨੇ ਭਾਰਤ ਸਰਕਾਰ ਨੂੰ ਵੀ ਭਾਜੜਾਂ ਪਾ ਦਿਤੀਆਂ ਹਨ, ਜੀ ਹਾਂ ਪਾਕਿਸਤਾਨ ਸਰਕਾਰ ਦੀ ਇਮਰਾਨ ਸਰਕਾਰ ਨੇ ਬੀਤੇ ਕਰਤਾਪੁਰ ਗਲਿਆਰੇ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿਤਾ, ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੀ ਕਾਹਲੀ-ਕਾਹਲੀ ਵਿਚ ਲਾਂਘੇ ਦੀ ਉਸਾਰੀ ਲਈ ਕੰਮ ਸ਼ੁਰੂ ਕਰਵਾਉਣ ਨੂੰ ਹਰੀ ਝੰਡੀ ਦੇ ਦਿਤੀ ਹੈ। ਜਦਕਿ ਕੁੱਝ ਦਿਨ ਪਹਿਲਾਂ ਮੋਦੀ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਮਹਿਜ਼ ਟੈਲੀਸਕੋਪ ਲਗਾ ਕੇ ਬੁੱਤਾ ਸਾਰਨ ਦੀ ਗੱਲ ਆਖੀ ਗਈ ਸੀ

ਪਰ ਜਿਵੇਂ ਹੀ ਪਾਕਿ ਸਰਕਾਰ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਸਬੰਧੀ ਉਸਾਰੀ ਦੀ ਟੱਕ ਲਗਾ ਕੇ ਸ਼ੁਰੂਆਤ ਕਰਨਗੇ ਤਾਂ ਭਾਰਤ ਸਰਕਾਰ ਨੂੰ ਜਿਵੇਂ ਭਾਜੜਾਂ ਪੈ ਗਈਆਂ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਦੇ ਦਾਅਵੇ ਮੁਤਾਬਕ ਪਾਕਿਸਤਾਨ ਸਰਕਾਰ ਪਹਿਲਾਂ ਹੀ ਇਸ ਗਲਿਆਰੇ ਦੀ ਉਸਾਰੀ ਲਈ ਤਿਆਰ ਸੀ ਅਤੇ ਉਹ ਵਾਰ-ਵਾਰ ਭਾਰਤ ਸਰਕਾਰ ਨੂੰ ਅਪੀਲ ਕਰਦੇ ਰਹੇ ਪਰ ਸਿੱਧੂ ਵਲੋਂ ਚੁੱਕਿਆ ਮੁੱਦਾ ਉਨ੍ਹਾਂ ਵਲੋਂ ਪਾਕਿ ਫ਼ੌਜ ਮੁਖੀ ਨੂੰ ਪਾਈ ਜੱਫੀ ਦੇ ਰੌਲੇ-ਰੱਪੇ ਵਿਚ ਰੋਲ ਦਿਤਾ ਗਿਆ।

ਇਸ ਤੋਂ ਬਾਅਦ ਭਾਰਤ ਨੇ ਵੀ ਅਤਿਵਾਦੀ ਗਤੀਵਿਧੀਆਂ ਦਾ ਹਵਾਲਾ ਦੇ ਕੇ ਸੰਯੁਕਤ ਰਾਸ਼ਟਰ ਵਿਚ ਹੋਣ ਵਾਲੀ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀ ਦੀ ਮੀਟਿੰਗ ਨੂੰ ਰੱਦ ਕਰ ਦਿਤਾ ਸੀ, ਜਿਸ ਤੋਂ ਬਾਅਦ ਕਰਤਾਰਪੁਰ ਲਾਂਘੇ ਦਾ ਮਾਮਲਾ ਠੰਡੇ ਬਸਤੇ ਵਿਚ ਪੈਣ ਦੇ ਆਸਾਰ ਵਧ ਗਏ ਸਨ, ਪਰ ਨਾਲ ਹੀ ਪਾਕਿਸਤਾਨ ਵਲੋਂ ਇਹ ਵੀ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਉਹ ਕਰਤਾਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਤਿਆਰ ਹੈ ਪਰ ਭਾਰਤ ਸਰਕਾਰ ਉਸ ਵਿਚ ਅੜਿੱਕੇ ਡਾਹ ਰਹੀ ਹੈ ਖ਼ੈਰ ਹੁਣ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਭਾਵੇਂ ਅੱਗੜ-ਪਿਛੜ ਹੀ ਸੀ, ਲਾਂਘੇ ਦੇ ਮਸਲੇ 'ਤੇ ਫ਼ੈਸਲਾ ਲੈ ਕੇ ਸਿੱਖਾਂ ਦੇ ਮਨਾਂ ਨੂੰ ਠੰਡਕ ਪਹੁੰਚਾ ਦਿਤੀ ਹੈ।

ਹੁਣ ਜਦੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਐਲਾਨ ਹੋ ਚੁੱਕਿਆ ਹੈ ਤਾਂ ਹਰ ਕੋਈ ਸਿੱਖ ਹਿਤੈਸ਼ੀ ਬਣਨ ਦੀ ਦੌੜ ਵਿਚ ਲੱਗਾ ਹੋਇਆ ਹੈ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਆ ਰਹੀਆਂ ਹਨ। ਜਿੱਥੇ ਐਨਡੀਏ ਸਰਕਾਰ ਦਾ ਫ਼ਾਇਦਾ ਲੈਣ ਲਈ ਅਪਣੀ ਪਿੱਠ ਥਾਪੜ ਰਹੀ ਹੈ। ਉਥੇ ਹੀ ਪੰਜਾਬ ਵਿਚ ਉਸ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੀ ਅਪਣੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਇਸ ਦਾ ਸਹਾਰਾ ਲੈਂਦਾ ਜਾਪ ਰਿਹਾ। ਹੁਣ ਜਦੋਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਦਾ ਫ਼ੈਸਲਾ ਕਰ ਲਿਆ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਸ 'ਤੇ ਇਹ ਸਹਿਮਤੀ ਬਣੀ ਰਹਿੰਦੀ ਹੈ ਜਾਂ ਨਹੀਂ???