ਕੇਂਦਰੀ ਵਜ਼ਾਰਤ ਨੇ ਕਰਤਾਰਪੁਰ ਗਲਿਆਰੇ ਦਾ ਤੋਹਫ਼ਾ ਸਿੱਖਾਂ ਨੂੰ ਦਿਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿ ਨੇ ਵੀ ਪ੍ਰਕਾਸ਼ ਪੁਰਬ ਲਈ ਕਰਤਾਰਪੁਰ ਗਲਿਆਰਾ ਖੋਲ੍ਹਣ ਦਾ ਕੀਤਾ ਐਲਾਨ.........

Gurdwara Sri Kartarpur Sahib

ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਇਕ ਮਹੱਤਵਪੂਰਨ ਫ਼ੈਸਲੇ 'ਚ ਗੁਰਦਾਸਪੁਰ ਜ਼ਿਲ੍ਹੇ 'ਚ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤਕ ਕਰਤਾਰਪੁਰ ਗਲਿਆਰੇ ਦੀ ਉਸਾਰੀ ਅਤੇ ਉਸ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿਤੀ ਹੈ ਤਾਕਿ ਭਾਰਤ ਤੋਂ ਸਿੱਖ ਯਾਤਰੀ ਆਸਾਨੀ ਨਾਲ ਪਾਕਿਸਤਾਨ 'ਚ ਰਾਵੀ ਨਦੀ ਕੰਢੇ ਸਥਿਤ ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਜਾ ਸਕਣ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਪਣੇ ਜੀਵਨ ਦੇ 18 ਸਾਲ ਬਿਤਾਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਕੇਂਦਰੀ ਕੈਬਨਿਟ ਦੀ ਅੱਜ ਹੋਈ ਬੈਠਕ 'ਚ ਇਸ ਬਾਬਤ ਫ਼ੈਸਲਾ ਕੀਤਾ ਗਿਆ। 

ਕਰਤਾਰਪੁਰ ਗਲਿਆਰੇ ਦਾ ਕੰਮ ਸਰਕਾਰ ਦੀ ਮਦਦ ਨਾਲ ਇਕ ਸਾਂਝੇ ਵਿਕਾਸ ਪ੍ਰਾਜੈਕਟ ਦੇ ਰੂਪ 'ਚ ਕੀਤਾ ਜਾਵੇਗਾ ਤਾਕਿ ਸਾਰੀਆਂ ਆਧੁਨਿਕ ਸਹੂਲਤਾਂ ਵਾਲੇ ਇਸ ਮਾਰਗ ਰਾਹੀਂ ਸਿੱਖ ਸ਼ਰਧਾਲੂਆਂ ਦੀ ਆਸਾਨੀ ਲਈ ਢੁਕਵੀਆਂ ਸਹੂਲਤਾਂ ਦਿਤੀਆਂ ਜਾ ਸਕਣ। ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਢੁਕਵੀਆਂ ਸਹੂਲਤਾਂ ਨਾਲ ਅਪਣੇ ਖੇਤਰ 'ਚ ਵੀ ਇਕ ਗਲਿਆਰਾ ਵਿਕਸਤ ਕਰੇ। 

ਇਸ ਤੋਂ ਕੁੱਝ ਹੀ ਘੰਟਿਆਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਗਲਿਆਰੇ ਨੂੰ ਖੋਲ੍ਹਣ ਦੇ ਅਪਣੇ ਫ਼ੈਸਲੇ ਤੋਂ ਭਾਰਤ ਨੂੰ ਜਾਣੂ ਕਰਵਾ ਦਿਤਾ। ਜਦਕਿ, ਪਾਕਿਸਤਾਨੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਉਦੋਂ ਤਕ ਬਹੁਤ ਕੁੱਝ ਨਹੀਂ ਕਰ ਸਕਦਾ ਜਦੋਂ ਤਕ ਕਿ ਭਾਰਤ ਵਲੋਂ ਇਸ 'ਤੇ ਪ੍ਰਤੀਕਿਰਿਆ ਨਹੀਂ ਆਉਂਦੀ। ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਰੋਵਾਲ ਜ਼ਿਲ੍ਹੇ 'ਚ ਹੈ ਅਤੇ ਇਸ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਡੇਰਾ ਬਾਬਾ ਨਾਨਕ ਨਾਲ ਜੋੜਨ ਲਈ ਇਕ ਗਲਿਆਰੇ ਦੀ ਉਸਾਰੀ ਦੀ ਮੰਗ ਕੀਤੀ ਜਾਂਦੀ ਰਹੀ ਹੈ। 

ਕੁਰੈਸ਼ੀ ਨੇ ਇਕ ਟਵੀਟ 'ਚ ਅੱਗੇ ਕਿਹਾ, ''ਪ੍ਰਧਾਨ ਮੰਤਰੀ ਇਮਰਾਨ ਖ਼ਾਨ 28 ਨਵੰਬਰ ਨੂੰ ਕਰਤਾਰਪੁਰ 'ਚ ਜ਼ਮੀਨ ਨੂੰ ਟੱਕ ਲਾਉਣਗੇ। ਇਸ ਸ਼ੁੱਕ ਮੌਕੇ ਲਈ ਅਸੀਂ ਸਿੱਖਾਂ ਦਾ ਪਾਕਿਸਤਾਨ 'ਚ ਸਵਾਗਤ ਕਰਦੇ ਹਾਂ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਕੇਂਦਰੀ ਮੰਤਰੀ ਮੰਡਲ ਨੇ ਇਸ ਮਤਾ ਪਾਸ ਕਰ ਕੇ ਦੇਸ਼ ਭਰ 'ਚ ਅਤੇ ਪੂਰੀ ਦੁਨੀਆਂ 'ਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਅਗਲੇ ਸਾਲ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀ ਮਨਜ਼ੂਰੀ ਦੇ ਦਿਤੀ ਹੈ। ਸੂਬਾ ਸਰਕਾਰਾਂ ਅਤੇ ਵਿਦੇਸ਼ਾਂ 'ਚ ਭਾਰਤੀ ਸਫ਼ਾਰਤਖ਼ਾਨਿਆਂ ਨਾਲ ਜਸ਼ਨ ਮਨਾਏ ਜਾਣਗੇ। 

ਕੈਬਨਿਟ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਵੀ ਊਰਜਾ ਬਚਾਉਣ ਸਮੇਤ ਸਮਾਰਟ ਸਿਟੀ ਦੀ ਤਰਜ਼ 'ਤੇ ਇਕ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਗੁਰੂ ਨਾਨਕ ਦੇਵ ਜੀ ਸਦਾ ਕੁਦਰਤ ਦੀ ਨਿਰੰਤਰਤਾ ਅਤੇ ਉਸ ਨੂੰ ਪਿਆਰ ਕਰਨ 'ਤੇ ਜ਼ੋਰ ਦਿੰਦੇ ਸਨ।  ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ 'ਚ ਅੰਤਰ ਧਰਮ ਅਧਿਐਨਾਂ ਦਾ ਇਕ ਕੇਂਦਰ ਸਥਾਪਤ ਕੀਤਾ ਜਾਵੇਗਾ। ਬਰਤਾਨੀਆਂ ਅਤੇ ਕੈਨੇਡਾ ਦੀ ਇਕ ਇਕ ਯੂਨੀਵਰਸਟੀ 'ਚ ਗੁਰੂ ਨਾਨਕ ਦੇਵ ਜੀ ਦੀ ਇਕ ਬੈਂਚ ਸਥਾਪਤ ਕੀਤੀ ਜਾਵੇਗੀ।

ਉਨ੍ਹਾਂ ਦੇ ਜੀਵਨ ਅਤੇ ਸਿਖਿਆਵਾਂ 'ਤੇ ਨਵੀਂ ਦਿੱਲੀ 'ਚ ਇਕ ਕੌਮਾਂਤਰੀ ਸੈਮੀਨਾਰ ਵੀ ਕੀਤਾ ਜਾਵੇਗਾ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ। ਰੇਲ ਮੰਤਰਾਲਾ ਸਿੱਖ ਯਾਤਰੀਆਂ ਅਤੇ ਸੈਲਾਨੀਆਂ ਲਈ ਇਕ ਰੇਲਗੱਡੀ ਚਲਾਏਗਾ ਜੋ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਵੱਖੋ-ਵੱਖ ਧਾਰਮਕ ਅਸਥਾਨਾਂ ਤੋਂ ਹੋ ਕੇ ਲੰਘੇਗੀ।  (ਪੀਟੀਆਈ)

Related Stories